ਚੰਡੀਗੜ੍ਹ (ਅਮਿਤ ਨਖਵਾਲ):  ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਇਸ ਸਮੇਂ ਸੁਸਤ ਪਈ ਹੋਈ ਹੈ, ਜਿਸ ਕਾਰਨ ਲੋਕ ਇੱਕ ਵਾਰ ਫਿਰ ਤਿੱਖੀ ਗਰਮੀ ਅਤੇ ਹੂੰਮਸ ਤੋਂ ਪਰੇਸ਼ਾਨ ਹਨ। ਭਾਰਤੀ ਮੌਸਮ ਵਿਭਾਗ (IMD) ਨੇ 16 ਅਤੇ 17 ਜੁਲਾਈ ਲਈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹੀਟਵੇਵ ਅਤੇ ਗਰਮ-ਨਮੀ ਵਾਲੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ 18 ਜੁਲਾਈ ਤੋਂ ਮੌਸਮ ਵਿੱਚ ਹਲਕਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ, ਜਦਕਿ 19 ਜੁਲਾਈ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਸ ਨਾਲ ਲੋਕਾਂ ਨੂੰ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਮੌਸਮ ਵਿਗਿਆਨੀਆਂ ਦੇ ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ 19 ਜੁਲਾਈ ਤੋਂ ਇੱਕ ਨਵਾਂ ਪੱਛਮੀ ਵਿਗਾੜ (Western Disturbance) ਸਰਗਰਮ ਹੋ ਸਕਦਾ ਹੈ। ਇਸ ਦੇ ਪ੍ਰਭਾਵ ਨਾਲ ਪੰਜਾਬ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਅਤੇ ਭਾਰੀ ਮੀਂਹ ਦੀਆਂ ਸਥਿਤੀਆਂ ਬਣ ਸਕਦੀਆਂ ਹਨ।

ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਸੈਟੇਲਾਈਟ ਚਿੱਤਰਾਂ ਮੁਤਾਬਕ ਇੱਕ ਪੱਛਮੀ ਵਿਗਾੜ ਪਹਿਲਾਂ ਹੀ ਉੱਤਰੀ ਪਾਕਿਸਤਾਨ ਅਤੇ ਜੰਮੂ ਨਾਲ ਲੱਗਦੇ ਹੇਠਲੇ ਅਤੇ ਮੱਧ ਵਾਯੂਮੰਡਲ ਦੇ ਪੱਧਰਾਂ ਉੱਤੇ ਸਰਗਰਮ ਹੈ। ਇਸ ਦੇ ਪ੍ਰਭਾਵ ਕਾਰਨ ਪੰਜਾਬ ਦੀਆਂ ਪੱਛਮੀ ਸਰਹੱਦਾਂ ਉੱਤੇ ਸੰਘਣੇ ਬੱਦਲ ਬਣਦੇ ਨਜ਼ਰ ਆ ਰਹੇ ਹਨ, ਜਦਕਿ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ 16 ਅਤੇ 17 ਜੁਲਾਈ ਦੌਰਾਨ ਦੁਪਹਿਰ ਦੇ ਸਮੇਂ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਗਰਮੀ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ। ਉੱਥੇ ਹੀ ਕਿਸਾਨਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਸੰਭਾਵਿਤ ਬਦਲਾਅ ਨੂੰ ਧਿਆਨ ਵਿੱਚ ਰੱਖਦਿਆਂ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਗਈ ਹੈ।