
Skip to content

ਅਮਿਤ ਨਖਵਾਲ: ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ (6th Schedule) ਵਿੱਚ ਸ਼ਾਮਲ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਪ੍ਰਸਿੱਧ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦਾ ਸੰਘਰਸ਼ ਹੁਣ ਨਾਜ਼ੁਕ ਪੜਾਅ ‘ਤੇ ਪਹੁੰਚ ਗਿਆ ਹੈ। ਅੱਜ ਉਨ੍ਹਾਂ ਦੀ ਭੁੱਖ ਹੜਤਾਲ ਦਾ ਲਗਾਤਾਰ 19ਵਾਂ ਦਿਨ ਹੈ। ਲੰਬੇ ਸਮੇਂ ਤੋਂ ਅੰਨ-ਜਲ ਤਿਆਗਣ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਅਤੇ ਹੁਣ ਤੱਕ ਉਨ੍ਹਾਂ ਦਾ 9 ਕਿਲੋਗ੍ਰਾਮ ਤੋਂ ਵੱਧ ਭਾਰ ਘਟ ਚੁੱਕਾ ਹੈ।
ਮੌਕੇ ‘ਤੇ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ‘ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਸੀਨੀਅਰ ਡਾਕਟਰ ਸਤੀਸ਼ ਲਾਂਬਾ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਲਗਾਤਾਰ ਵਰਤ ਕਾਰਨ ਸੋਨਮ ਵਾਂਗਚੁਕ ਦੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਖ਼ਤਰਨਾਕ ਹੱਦ ਤੱਕ ਘਟ ਗਿਆ ਹੈ, ਜੋ ਕਿਸੇ ਵੀ ਸਮੇਂ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਵਰਤ ਖ਼ਤਮ ਕਰਨ ਦੀ ਸਲਾਹ ਦਿੱਤੀ ਹੈ।
ਇਸ ਦੇ ਬਾਵਜੂਦ ਸੋਨਮ ਵਾਂਗਚੁਕ ਆਪਣੇ ਫ਼ੈਸਲੇ ‘ਤੇ ਡਟੇ ਹੋਏ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸਰੀਰਕ ਕਮਜ਼ੋਰੀ ਦੇ ਬਾਵਜੂਦ ਉਨ੍ਹਾਂ ਦਾ ਹੌਸਲਾ ਬੁਲੰਦ ਹੈ ਅਤੇ ਉਹ ਲੱਦਾਖ ਦੇ ਹੱਕਾਂ ਲਈ ਇਹ ਸੰਘਰਸ਼ ਜਾਰੀ ਰੱਖਣਗੇ।
ਵਾਂਗਚੁਕ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਉਨ੍ਹਾਂ ਦੇ ਵਰਤ ਦੀ ਚਿੰਤਾ ਨਾ ਕਰਨ, ਸਗੋਂ 20 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਸੰਸਦ ਵੱਲ ਕੀਤੇ ਜਾਣ ਵਾਲੇ ਸ਼ਾਂਤੀਪੂਰਨ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਲੱਦਾਖ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਲੱਦਾਖ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਅਤੇ ਉਨ੍ਹਾਂ ਦੀਆਂ ਮੰਗਾਂ ‘ਤੇ ਠੋਸ ਫ਼ੈਸਲਾ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ।
ਇਸ ਦੌਰਾਨ ਲੱਦਾਖ ਦੀਆਂ ਕਈ ਸਮਾਜਿਕ ਅਤੇ ਸਥਾਨਕ ਜਥੇਬੰਦੀਆਂ ਨੇ ਵੀ ਸੋਨਮ ਵਾਂਗਚੁਕ ਦੇ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਸਿਆਸੀ ਗਲਿਆਰਿਆਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਜੇਕਰ 20 ਜੁਲਾਈ ਤੋਂ ਪਹਿਲਾਂ ਕੋਈ ਹੱਲ ਨਾ ਨਿਕਲਿਆ ਤਾਂ ਸੰਸਦ ਮਾਰਚ ਕੇਂਦਰ ਸਰਕਾਰ ਲਈ ਵੱਡੀ ਸਿਆਸੀ ਚੁਣੌਤੀ ਬਣ ਸਕਦਾ ਹੈ।
ਰਿਪੋਰਟ: ਅਮਿਤ ਨਖਵਾਲ
Related