ਸਵੇਰੇ ਵਿਧਾਇਕਾ ਦੇ ਦੋ ਟਿਕਾਣਿਆਂ ‘ਤੇ ਕੀਤੀ ਗਈ ਸੀ ਛਾਪੇਮਾਰੀ, ਸਮਰਥਕਾਂ ਨੇ ED ਖ਼ਿਲਾਫ਼ ਕੀਤਾ ਪ੍ਰਦਰਸ਼ਨ

ਮੋਗਾ/ਲੁਧਿਆਣਾ (ਅਮਿਤ ਨੱਖਵਾਲ): ਮੋਗਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ, ਸਵੇਰੇ ਦਿੱਲੀ ਅਤੇ ਚੰਡੀਗੜ੍ਹ ਤੋਂ ਪਹੁੰਚੀਆਂ ED ਦੀਆਂ ਟੀਮਾਂ ਨੇ ਵਿਧਾਇਕਾ ਦੇ ਦੋ ਟਿਕਾਣਿਆਂ ‘ਤੇ ਜਾਂਚ ਸ਼ੁਰੂ ਕੀਤੀ।

ED ਦੀਆਂ ਟੀਮਾਂ ਵੱਲੋਂ ਮੋਗਾ ਸਥਿਤ ਉਨ੍ਹਾਂ ਦੀ ਰਿਹਾਇਸ਼ ਅਤੇ ਮੋਗਾ-ਲੁਧਿਆਣਾ ਸੜਕ ‘ਤੇ ਸਥਿਤ ‘ਆਈਕਾਨ’ ਫਲੈਟਾਂ ਵਿੱਚ ਤਲਾਸ਼ੀ ਲਈ ਗਈ। ਇਸ ਕਾਰਵਾਈ ਦੌਰਾਨ CRPF ਦੇ ਜਵਾਨਾਂ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ। ਸੁਰੱਖਿਆ ਪ੍ਰਬੰਧ ਇੰਨੇ ਸਖ਼ਤ ਸਨ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਮੋਗਾ ਵਿੱਚ ਤਲਾਸ਼ੀ ਦੀ ਕਾਰਵਾਈ ਤੋਂ ਬਾਅਦ ED ਦੀਆਂ ਟੀਮਾਂ ਲੁਧਿਆਣਾ ਵਿਖੇ ਵਿਧਾਇਕਾ ਦੇ ਨਾਨਕੇ ਘਰ ਵੀ ਪਹੁੰਚੀਆਂ ਅਤੇ ਉੱਥੇ ਵੀ ਜਾਂਚ ਕੀਤੀ ਗਈ।

ਜ਼ਿਕਰਯੋਗ ਹੈ ਕਿ ਸਿਰਫ਼ ਤਿੰਨ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਡਾ. ਅਮਨਦੀਪ ਕੌਰ ਅਰੋੜਾ ਨੂੰ ਮੁੜ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਮੁਖੀ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ।

ਦੂਜੇ ਪਾਸੇ, ED ਦੀ ਛਾਪੇਮਾਰੀ ਦੀ ਖ਼ਬਰ ਮਿਲਦਿਆਂ ਹੀ ਵਿਧਾਇਕਾ ਦੇ ਸਮਰਥਕ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋ ਗਏ ਅਤੇ ਜਾਂਚ ਏਜੰਸੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਫਿਲਹਾਲ ED ਵੱਲੋਂ ਇਸ ਛਾਪੇਮਾਰੀ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸ ਮਾਮਲੇ ‘ਤੇ ਮੋਗਾ ਦੇ ਸੀਨੀਅਰ ਡਿਪਟੀ ਮੇਅਰ ਕਾਲਾ ਬਜਾਜ ਅਤੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ ਨੇ ਦੋਸ਼ ਲਗਾਇਆ ਕਿ ਵਿਧਾਇਕਾ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਰਿਪੋਰਟ: ਅਮਿਤ ਨੱਖਵਾਲ