ਅਮਿਤ ਨਖਵਾਲ: ਪੰਜਾਬ ਵਿੱਚ ਅੱਜ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੀ.ਆਰ.ਟੀ.ਸੀ. ਦੇ 9 ਪ੍ਰਮੁੱਖ ਡਿਪੂਆਂ ਵਿੱਚ ‘ਪੀਆਰਟੀਸੀ ਪਨਬਸ 25/11 ਕੰਟਰੈਕਟ ਵਰਕਰਜ਼ ਯੂਨੀਅਨ’ ਦੇ ਸੱਦੇ ‘ਤੇ ਲਗਭਗ 1,200 ਕੰਟਰੈਕਟ ਮੁਲਾਜ਼ਮਾਂ ਨੇ ਅਚਾਨਕ ਹੜਤਾਲ ਕਰ ਦਿੱਤੀ। ਇਸ ਕਾਰਨ ਬਟਾਲਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਰੀਦਕੋਟ, ਚੰਡੀਗੜ੍ਹ, ਕਪੂਰਥਲਾ ਅਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਰਕਾਰੀ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਬੱਸ ਅੱਡਿਆਂ ‘ਤੇ ਯਾਤਰੀ ਲੰਬੇ ਸਮੇਂ ਤੱਕ ਉਡੀਕ ਕਰਦੇ ਨਜ਼ਰ ਆਏ।

ਹੜਤਾਲ ਦੀ ਵਜ੍ਹਾ ਚੰਡੀਗੜ੍ਹ ਡਿਪੂ ਵਿੱਚ ਤਾਇਨਾਤ ਕੰਡਕਟਰ ਗੁਰਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ। ਯੂਨੀਅਨ ਆਗੂਆਂ ਦਾ ਦੋਸ਼ ਹੈ ਕਿ ਮੈਨੇਜਮੈਂਟ ਨੇ ਸਟੇਸ਼ਨ ਸਲਿੱਪਾਂ ਵਿੱਚ ਹੇਰਾਫੇਰੀ ਅਤੇ ਜਾਅਲੀ ਸਲਿੱਪਾਂ ਜਾਰੀ ਕਰਨ ਦੇ ਦੋਸ਼ ਲਗਾ ਕੇ ਬਿਨਾਂ ਨਿਰਪੱਖ ਜਾਂਚ ਦੇ ਕਾਰਵਾਈ ਕੀਤੀ, ਜੋ ਪੂਰੀ ਤਰ੍ਹਾਂ ਗੈਰ-ਇਨਸਾਫ਼ੀ ਹੈ।

ਯੂਨੀਅਨ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਅਤੇ ਬਰਖ਼ਾਸਤ ਮੁਲਾਜ਼ਮ ਨੂੰ ਤੁਰੰਤ ਬਹਾਲ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਰੋਡਵੇਜ਼ ਦੀਆਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੂਬਾ ਪੱਧਰੀ ਚੱਕਾ ਜਾਮ ਕੀਤਾ ਜਾਵੇਗਾ।

ਇਸ ਦੌਰਾਨ ਬਦਲਦੇ ਮੌਸਮ ਨੇ ਵੀ ਯਾਤਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਮਾਲਵਾ ਖੇਤਰ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਬਰਨਾਲਾ ਵਿੱਚ ਭਾਰੀ ਗਰਮੀ ਅਤੇ ਹੁੰਮਸ ਕਾਰਨ ਲੋਕ ਬੱਸ ਅੱਡਿਆਂ ‘ਤੇ ਪਰੇਸ਼ਾਨ ਰਹੇ। ਉੱਥੇ ਹੀ ਦੋਆਬਾ ਅਤੇ ਮਾਝਾ ਖੇਤਰ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਰੂਪਨਗਰ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਕਾਰਨ ਬੱਸਾਂ ਦੀ ਉਡੀਕ ਕਰ ਰਹੇ ਯਾਤਰੀ ਭਿੱਜਦੇ ਹੋਏ ਆਪਣੇ ਸਫ਼ਰ ਲਈ ਮਜਬੂਰ ਹੋਏ।

ਫਿਲਹਾਲ ਹੜਤਾਲ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਯੂਨੀਅਨ ਨਾਲ ਗੱਲਬਾਤ ਦੇ ਯਤਨ ਕੀਤੇ ਜਾ ਰਹੇ ਹਨ। ਜੇਕਰ ਜਲਦ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਰਕਾਰੀ ਆਵਾਜਾਈ ਪ੍ਰਣਾਲੀ ਹੋਰ ਪ੍ਰਭਾਵਿਤ ਹੋ ਸਕਦੀ ਹੈ।

ਰਿਪੋਰਟਰ: ਅਮਿਤ ਨਖਵਾਲ