ਮੁੰਬਈ ਕਸਟਮ ਵਿਭਾਗ ਦੀ ਟੀਮ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 31 ਮਾਮਲਿਆਂ ‘ਚ 10.6 ਕਿਲੋ ਸੋਨਾ ਅਤੇ 8.68 ਕਰੋੜ ਰੁਪਏ ਦੇ ਇਲੈਕਟ੍ਰੋਨਿਕਸ ਤੇ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਅਧਿਕਾਰੀ ਨੇ ਦਸਿਆ ਕਿ ਪਿਛਲੇ ਚਾਰ ਦਿਨਾਂ ‘ਚ ਚਲਾਈ ਗਈ ਇਸ ਜ਼ਬਤੀ ਮੁਹਿੰਮ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁੰਬਈ ਕਸਟਮਜ਼ (ਜ਼ੋਨ-III) ਦੁਆਰਾ ਜਾਰੀ ਕੀਤੇ ਗਏ ਇਕ ਬਿਆਨ ਦੇ ਅਨੁਸਾਰ, ਪਾਊਡਰ ਦੇ ਰੂਪ ਵਿਚ ਸੋਨਾ, ਕੱਚੇ ਗਹਿਣੇ ਅਤੇ ਮੋਮ ਵਿਚ ਬੰਦ ਡੰਡੇ ਜ਼ਬਤ ਕੀਤੇ ਗਏ ਸਨ। ਖਾਸ ਗੱਲ ਇਹ ਹੈ ਕਿ ਇਕ ਯਾਤਰੀ ਦੇ ਸਰੀਰ ‘ਚ ਸੋਨਾ ਵੀ ਛੁਪਾਇਆ ਹੋਇਆ ਸੀ। ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਇਕ ਏਅਰਪੋਰਟ ਕਰਮਚਾਰੀ ਨੂੰ ਫੜਿਆ ਹੈ, ਜਿਸ ਨੂੰ ਠੇਕੇ ‘ਤੇ ਭਰਤੀ ਕੀਤਾ ਗਿਆ ਸੀ, ਜੋ ਅਪਣੇ ਜੁੱਤੀਆਂ ਵਿਚ ਮੋਮ ਵਿਚ ਸੋਨੇ ਦੇ ਪਾਊਡਰ ਵਾਲੇ ਚਾਰ ਪਾਊਚ ਲੁਕਾ ਰਿਹਾ ਸੀ। ਸੋਨੇ ਦੀ ਕੀਮਤ 81.8 ਲੱਖ ਰੁਪਏ ਦੱਸੀ ਜਾ ਰਹੀ ਹੈ।
ਇਕ ਹੋਰ ਮਾਮਲੇ ਵਿਚ, ਬਹਿਰੀਨ ਅਤੇ ਮਾਲੇ ਤੋਂ ਯਾਤਰਾ ਕਰ ਰਹੇ ਦੋ ਭਾਰਤੀਆਂ ਦੇ ਸਰੀਰ ‘ਤੇ ਮੋਮ ਦੇ ਅੰਦਰ 1890 ਗ੍ਰਾਮ ਸੋਨੇ ਦਾ ਪਾਊਡਰ ਲੁਕਾਇਆ ਹੋਇਆ ਸੀ। ਦਸਿਆ ਗਿਆ ਕਿ ਇਸ ਰਿਕਵਰੀ ਅਪਰੇਸ਼ਨ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਚਾਰ ਦਿਨਾਂ ਦੀ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਨੈਰੋਬੀ, ਕੋਲੰਬੋ ਅਤੇ ਦੁਬਈ ਤੋਂ ਯਾਤਰਾ ਕਰਨ ਵਾਲੇ ਪੰਜ ਵਿਦੇਸ਼ੀ ਨਾਗਰਿਕਾਂ ਅਤੇ ਦੁਬਈ, ਜੇਦਾਹ, ਸ਼ਾਰਜਾਹ ਅਤੇ ਸਿੰਗਾਪੁਰ ਤੋਂ ਯਾਤਰਾ ਕਰਨ ਵਾਲੇ 14 ਭਾਰਤੀਆਂ ਤੋਂ ਸੋਨਾ ਵੀ ਜ਼ਬਤ ਕੀਤਾ।ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਦੁਬਈ ਤੋਂ ਯਾਤਰਾ ਕਰ ਰਹੇ ਅੱਠ ਭਾਰਤੀਆਂ ਤੋਂ 1.95 ਕਰੋੜ ਰੁਪਏ ਦੇ ਮਹਿੰਗੇ ਮੋਬਾਈਲ ਫੋਨ, ਲੈਪਟਾਪ ਅਤੇ ਸ਼ਿੰਗਾਰ ਸਮੱਗਰੀ ਬਰਾਮਦ ਕੀਤੀ ਗਈ ਹੈ, ਜਦਕਿ ਮੁੰਬਈ ਤੋਂ ਦੋਹਾ ਜਾ ਰਹੇ ਇਕ ਯਾਤਰੀ ਨੂੰ 74,000 ਕਤਰੀ ਰਿਆਲ ਵਿਦੇਸ਼ੀ ਕਰੰਸੀ ਨਾਲ ਫੜਿਆ ਗਿਆ ਹੈ।