ਬੀਤੇ ਦਿਨੀਂ ਅਭਿਨੇਤਰੀ ਤੇ ਨਵੀਂ ਬਣੀ ਸਾਂਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਮਹਿਲਾ CISF ਜਵਾਨ ਨੇ ਥੱਪੜ ਜੜ੍ਹ ਦਿੱਤਾ। ਜਿਸ ਮਹਿਲਾ ਜਵਾਨ ਨੇ ਕੰਗਣਾ ਨੂੰ ਥੱਪੜ ਮਾਰਿਆ, ਉਸ ਦੀ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ। ਘਟਨਾ ਦੇ ਬਾਅਦ ਵੱਖ-ਵੱਖ ਲੋਕਾਂ ਵੱਲੋਂ ਇਸ ‘ਤੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਹੁਣ ਸੋਨੀਆ ਮਾਨ ਕੁਲਵਿੰਦਰ ਕੌਰ ਦੇ ਹੱਕ ਵਿਚ ਅੱਗੇ ਆਏ ਹਨ ਤੇ ਉਸ ਦਾ ਸਮਰਥਨ ਕੀਤਾ ਹੈ।

    ਸਮਰਥਨ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਚੰਗਾ ਕੀਤਾ ਕਿਉਂਕਿ ਕੰਗਣਾ ਨੇ ਕਿਸਾਨ ਅੰਦੋਲਨ ਵਿਚ ਵੀ ਸਾਨੂੰ 100-100 ਰੁਪਏ ਲੈਣ ਵਾਲੀਆਂ ਬੀਬੀਆਂ ਦੱਸਿਆ ਸੀ। ਸਾਡੇ ਬਜ਼ੁਰਗਾਂ ਨੂੰ ਗਲਤ ਕਿਹਾ ਸੀ। ਕੋਈ ਵੀ ਆਪਣੇ ਬਜ਼ੁਰਗਾਂ ਬਾਰੇ ਗਲਤ ਸ਼ਬਦਾਵਲੀ ਨਹੀਂ ਸੁਣ ਸਕਦਾ ਤੇ ਮੈਂ ਕੁਲਵਿੰਦਰ ਕੌਰ ਦੀ ਜਗ੍ਹਾ ਹੁੰਦੀ ਤਾਂ ਮੈਂ ਵੀ ਉਸ ਦੇ ਥੱਪੜ ਹੀ ਮਾਰਨਾ ਸੀ।

    ਸੋਨੀਆ ਮਾਨ ਨੇ ਕਿਹਾ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕੁਲਵਿੰਦਰ ਕੌਰ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਕੰਗਣਾ ‘ਤੇ ਮਾਨਹਾਣੀ ਦਾ ਕੇਸ ਕਰਨਾ ਚਾਹੀਦਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੰਗਨਾ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਤੇ ਦੂਜੇ ਪਾਸੇ ਘਟਨਾ ‘ਤੇ ਹੈਰਾਨੀ ਪ੍ਰਗਟਾਉਂਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਸੁਰੱਖਿਆ ਦੇ ਜ਼ਿੰਮੇਵਾਰ ਲੋਕ ਹੀ ਇਸ ਦਾ ਉਲੰਘਣ ਕਰ ਰਹੇ ਹਨ।