ਨਵੀਂ ਦਿੱਲੀ- ਭਾਰਤੀ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਮੌਕੇ ਸੌਰਵ ਗਾਂਗੁਲੀ ਨੂੰ ਖੇਡ ਜਗਤ ਸਮੇਤ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਕੋਲਕਾਤਾ ਦੇ ਬੇਹਲਾ ਵਿਚ 8 ਜੁਲਾਈ 1972 ਨੂੰ ਜਨਮੇ ਗਾਂਗੁਲੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਦੇਸ਼ਾਂ ਵਿਚ ਜਿੱਤਣਾ ਸਿਖਾਇਆ ਸੀ ਅਤੇ ਟੀਮ ਇੰਡੀਆ ਨੂੰ ਵੱਖਰੇ ਮੁਕਾਮ ’ਤੇ ਲੈ ਗਏ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਂਗੁਲੀ ਕ੍ਰਿਕਟ ਨਹੀਂ ਫੁੱਟਬਾਲਰ ਬਨਣਾ ਚਾਹੁੰਦੇ ਸਨ।

    ਇਕ ਇੰਟਰਵਿਊ ਦੌਰਾਨ ਸੌਰਵ ਗਾਂਗੁਲੀ ਨੇ ਇਸ ਬਾਰੇ ਵਿਚ ਖੁੱਦ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਫੱਟਬਾਲ ਮੇਰੀ ਜ਼ਿੰਦਗੀ ਸੀ ਅਤੇ ਫੁੱਟਬਾਲਰ ਬਨਣ ਲਈ ਤਿਆਰ ਸੀ। 9ਵੀ ਜਮਾਤ ਤੱਕ ਗਾਂਗੁਲੀ ਕਾਫ਼ੀ ਚੰਗਾ ਫੁੱਟਬਾਲ ਖੇਡਣ ਲੱਗੇ ਸਨ ਪਰ ਇ ਹ ਸੰਯੋਗ ਹੀ ਸੀ ਕਿ ਉਹ ਕ੍ਰਿਕਟਰ ਬਣੇ। ਗਾਂਗੁਲੀ ਨੂੰ ਕ੍ਰਿਕਟਰ ਬਣਾਉਣ ਦੇ ਪਿੱਛੇ ਉਨ੍ਹਾਂ ਦੇ ਪਿਤਾ ਦਾ ਹੱਥ ਰਿਹਾ ਜੋ ਕਿ ਬੰਗਾਲ ਕ੍ਰਿਕਟ ਸੰਘ ਵਿਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਕਹਿਣ ‘ਤੇ ਹੀ ਉਹ ਫੁੱਟਬਾਲ ਛੱਡ ਕੇ ਕ੍ਰਿਕਟਰ ਬਣੇ।

    ਗਾਂਗੁਲੀ ਨੇ ਦੱਸਿਆ ਸੀ ਕਿ ਇਕ ਵਾਰ ਗਰਮੀ ਦੀ ਛੁੱਟੀ ਦੌਰਾਨ ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਤੂੰ ਘਰ ਜਾ ਕੇ ਕੁੱਝ ਨਹੀਂ ਕਰੇਂਗਾ ਅਤੇ ਮੈਨੂੰ ਇਕ ਕ੍ਰਿਕਟ ਅਕੈਡਮੀ ਵਿਚ ਪਾ ਦਿੱਤਾ। ਗਾਂਗੁਲੀ ਨੇ ਦੱਸਿਆ ਸੀ ਕਿ ਕ੍ਰਿਕਟ ਅਕੈਡਮੀ ਜੁਆਇਨ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਫੁੱਟਬਾਲ ਖੇਡਣਾ ਜ਼ਾਰੀ ਰੱਖਿਆ ਪਰ ਕ੍ਰਿਕਟ ਕੋਚ ਦੇ ਕਹਿਣ ‘ਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਕੋਚ ਨੇ ਮੇਰੇ ਵਿਚ ਕੀ ਦੇਖਿਆ, ਉਨ੍ਹਾਂ ਨੇ ਮੇਰੇ ਪਿਤਾ ਨੂੰ ਕਿਹਾ ਕਿ ਉਹ ਉਸ ਨੂੰ ਫੁੱਟਬਾਲ ਤੋਂ ਦੂਰ ਕਰਨ। ਇਸ ਲਈ ਮੈਂ ਕ੍ਰਿਕਟ ਵਿਚ ਉਤਰ ਗਿਆ।