ਨਵੀਂ ਦਿੱਲੀ: ਭਾਰਤ ਦੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਇਕ ਵਾਰ ਫਿਰ ਤੋਂ ਭਾਰਤ ਲਈ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨਾਂ ਨੇ ਕਿਹਾ ਹੈ ਕਿ ਉਹ ਫਿੱਟ ਹਨ ਅਤੇ ਜੇਕਰ ਉਨਾਂ ਨੂੰ 3 ਮਹੀਨੇ ਦਾ ਸਮਾਂ ਦੇ ਦਿੱਤਾ ਜਾਵੇ ਤਾਂ ਉਹ ਟੈਸਟ ਵਿਚ ਮੁੜ ਦੌੜਾਂ ਬਣਾ ਸਕਦੇ ਹਨ। ਗਾਂਗੁਲੀ ਨੇ ਨਾਗਪੁਰ ਵਿਚ ਆਸਟ੍ਰੇਲੀਆ ਦੇ ਵਿਰੁੱਧ ਆਖਰੀ ਟੈਸਟ ਖੇਡਿਆ ਸੀ। ਗਾਂਗੁਲੀ ਨੇ ਇਕ ਬੰਗਾਲੀ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ 2 ਵਨਡੇ ਸੀਰੀਜ ਹੋਰ ਖੇਡਣ ਨੂੰ ਮਿਲਦੀਆਂ ਤਾਂ ਉਹ ਜ਼ਿਆਦਾ ਦੌੜਾਂ ਬਣਾ ਸਕਦੇ ਸੀ। ਜੇਕਰ ਉਹ ਨਾਗਪੁਰ ਵਿਚ ਰਿਟਾਇਰ ਨਾ ਹੋਏ ਹੁੰਦੇ ਤਾਂ ਉਹ ਅਗਲੇ 2 ਟੈਸਟ ਮੈਚਾਂ ਵਿਚ ਦੌੜਾਂ ਬਣਾ ਸਕਦੇ ਸੀ।


    ਉਨਾਂ ਨੇ ਕਿਹਾ ਕਿ ਜੇਕਰ ਮੈਨੂੰ 6 ਮਹੀਨੇ ਟਰੇਨਿੰਗ ਦਾ ਸਮਾਂ ਮਿਲ ਜਾਵੇ ਅਤੇ 3 ਰਣਜੀ ਮੈਚ ਖੇਡਾਂ ਤਾਂ ਮੈਂ ਅੱਜ ਵੀ ਭਾਰਤ ਲਈ ਟੈਸਟ ਕ੍ਰਿਕਟ ਵਿਚ ਦੌੜਾਂ ਬਣਾ ਸਕਦਾ ਹਾਂ। ਉਨਾਂ ਨੇ ਕਿਹਾ ਕਿ ਮੈਨੂੰ 6 ਮਹੀਨੇ ਦੀ ਵੀ ਲੋੜ ਨਹੀਂ ਹੈ ਸਿਰਫ ਤਿੰਨ ਮਹੀਨੇ ਹੀ ਦੇ ਦਿਓ। ਖੱਬੇ ਹੱਥ ਦੇ ਬਿਹਤਰੀਨ ਖਿਡਾਰੀ ਗਾਂਗੁਲੀ ਨੇ ਟੈਸਟ ਕ੍ਰਿਕਟ ਵਿਚ 42.17 ਦੀ ਔਸਤ ਨਾਲ 7212 ਦੌੜਾਂ ਬਣਾਈਆਂ ਹਨ। ਉਨਾਂ ਨੇ ਇਸ ਦੌਰਾਨ 16 ਸੈਂਕੜੇ ਅਤੇ 35 ਅਰਧ ਸੈਂਕੜੇ ਬਣਾਏ ਹਨ। ਵਨਡੇ ਦੀ ਗੱਲ ਕਰੀਏ ਤਾਂ ਉਨਾਂ ਨੇ 41 ਦੀ ਔਸਤ ਨਾਲ 311 ਮੈਚਾਂ ਵਿਚ 11363 ਦੌੜਾਂ ਬਣਾਈਆਂ ਜਿਸ ਵਿਚ 22 ਸੈਂਕੜੇ ਅਤੇ 72 ਅਰਧ ਸੈਂਕੜੇ ਸ਼ਾਮਲ ਹਨ।