ਸ੍ਰੀ ਮੁਕਤਸਰ ਸਾਹਿਬ (ਵਿਪਨ ਮਿਤੱਲ): ਪਿਛਲੇ ਦਿਨੀਂ ਪਟਿਆਲਾ ਵਿਖੇ ਬੇਹੱਦ ਦਰਦਨਾਕ ਘਟਨਾ ਵਾਪਰੀ ਸੀ। ਦਸ ਸਾਲਾਂ ਦੀ ਮਾਸੂਮ ਬੱਚੀ ਲਈ ਬਰਥਡੇਅ ਕੇਕ ਡੈੱਥ ਕੇਕ ਬਣ ਕੇ ਪਹੁੰਚਿਆ। ਹੱਸਦੇ ਖੇਡਦੇ ਹੋਏ ਆਪਣਾ ਜਨਮ ਦਿਨ ਮਨਾਉਣ ਵਾਲੀ ਬੱਚੀ ਦੀ ਕੇਕ ਖਾਣ ਉਪਰੰਤ ਤਬੀਅਤ ਵਿਗੜ ਗਈ ਅਤੇ ਮੌਤ ਨੇ ਇਸ ਮਾਸੂਮ ਬੱਚੀ ਨੂੰ ਆਪਣੇ ਕਲਾਵੇ ’ਚ ਲੈ ਲਿਆ। ਸਾਰੇ ਪਰਿਵਾਰ ’ਤੇ ਗਮ ਦਾ ਪਹਾੜ ਟੁੱਟ ਪਿਆ। ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਖੁਸ਼ੀਆਂ ਬੇਹੱਦ ਗਮਗੀਨ ਮਾਹੌਲ ਵਿਚ ਬਦਲ ਗਈਆਂ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਅਤੇ ਸਮੂਹ ਮੈਂਬਰਾਂ ਸਮੇਤ ਅਹੁਦੇਦਾਰਾਂ ਨੇ ਉਕਤ ਘਟਨਾ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੀੜਤ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ ਹੈ। ਮਿਸ਼ਨ ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਕੁਝ ਦੁਕਾਨਦਾਰ ਕਈ ਦਿਨ ਪਹਿਲਾਂ ਹੀ ਕੇਕ ਅਤੇ ਪੇਸਟਰ ਤਿਆਰ ਕਰ ਕੇ ਰੱਖ ਲੈਂਦੇ ਹਨ। ਗ੍ਰਾਹਕਾਂ ਦੀ ਮੰਗ ਉਪਰ ਕਈ ਦਿਨ ਪਹਿਲਾਂ ਤਿਆਰ ਕਰਕੇ ਰੱਖੇ ਗਏ ਇਹਨਾਂ ਕੇਕਾਂ ਉਪਰ ਆਪਣੀ ਖੁਸ਼ੀ ਸਾਂਝੀ ਕਰਨ ਵਾਲੇ ਵਿਅਕਤੀ ਦਾ ਨਾਮ ਅਤੇ ਮਿਤੀ ਜੈਲੀ ਆਦਿ ਨਾਲ ਲਿਖ ਕੇ ਗ੍ਰਾਹਕਾਂ ਨੂੰ ਦੇ ਦਿੰਦੇ ਹਨ।
ਅਜਿਹਾ ਕਰਕੇ ਉਹ ਆਪਣੀਆਂ ਖੁਸ਼ੀਆਂ ਮਨਾਉਣ ਵਾਲੇ ਗ੍ਰਾਹਕਾਂ ਦੇ ਜੀਵਨ ਨਾਲ ਘਟੀਆ ਖਿਲਵਾੜ ਕਰਦੇ ਹਨ। ਕਈ ਦਿਨ ਪਹਿਲਾਂ ਬਣਾਏ ਗਏ ਕੇਕਾਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਵਰਤੇ ਜਾਂਦੇ ਹਨ ਤਾਂ ਜੋ ਇਹਨਾਂ ਦੀ ਗੁਣਵੰਤਾ ਕਾਇਮ ਰਹਿ ਸਕੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਅਜਿਹੇ ਕੈਮੀਕਲ ਹੀ ਸਿਹਲ ਲਈ ਬੇਹੱਦ ਨੁਕਸਾਨਦਾਇਕ ਸਾਬਤ ਹੁੰਦੇ ਹਨ। ਪ੍ਰਧਾਨ ਢੋਸੀਵਾਲ ਨੇ ਇਸ ਪਾਸੇ ਸਿਹਤ ਵਿਭਾਗ ਦੀ ਲਾਪ੍ਰਵਾਹੀ ਉਪਰ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਪਾਸੇ ਸਿਹਤ ਵਿਭਾਗ ਦੀ ਸਮੇਂ-ਸਿਰ ਕੀਤੀ ਜਾਣ ਵਾਲੀ ਕਾਰਵਾਈ ਕਈਆਂ ਦੀ ਜਾਨ ਬਚਾ ਸਕਦੀ ਹੈ। ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਜਿਲ੍ਹਾ ਸਿਹਤ ਅਫਸਰ ਸਮੇਤ ਸਮੂਹ ਹੋਰਨਾਂ ਅਧਿਕਾਰੀਆਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਸਿਹਤ ਵਿਭਾਗ ਨੂੰ ਕੇਕ ਅਤੇ ਪੇਸਟਰੀ ਵਿਕ੍ਰੇਤਾਵਾਂ ਵਿਰੁੱਧ ਸਪੈਸ਼ਲ ਚੈਂਕਿੰਗ ਮੁਹਿੰਮ ਚਲਾਉਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਨੇ ਸਿਹਤ ਵਿਭਾਗ ਤੋਂ ਇਹ ਵੀ ਮੰਗ ਕੀਤੀ ਹੈ ਕਿ ਕੇਕ ਅਤੇ ਪੇਸਟਰੀ ਵਿਕ੍ਰੇਤਾਵਾਂ ਨੂੰ ਇਹਨਾਂ ਆਇਟਮਾਂ ਉਪਰ ਐਕਸਪਾਇਰੀ ਤਰੀਕ ਲਿਖਣ ਨੂੰ ਯਕੀਨੀ ਬਣਾਇਆ ਜਾਵੇ।