ਉੱਤਰ ਭਾਰਤ ਦੇ 6 ਸੂਬਿਆਂ ਦੇ 19 ਕਿਸਾਨ ਸੰਗਠਨ ਕੇਂਦਰ ਸਰਕਾਰ ਦੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਤਿੰਨ ਦਿਨਾ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਗੇ। ਪੰਜਾਬ ਵਿਚ ਕਿਸਾਨ 12 ਥਾਵਾਂ ‘ਤੇ ਟ੍ਰੇਨਾਂ ਦਾ ਚੱਕਾ ਜਾਮ ਕਰ ਧਰਨਾ ਦੇਣਗੇ। ਹੜ੍ਹ ਪੀੜਤਾਂ ਲਈ ਪੈਕੇਜ, ਐੱਮਐੱਸਪੀ ਦੀ ਗਾਰੰਟੀ ਕਾਨੂੰਨ, ਕਿਸਾਨ ਮਜ਼ਦੂਰ ਕਰਜ਼ਾ ਮੁਕਤੀ, ਮਨਰੇਗਾ, ਨਸ਼ਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਇਹ ਅੰਦੋਲਨ ਹੋਵੇਗਾ।

    ਕਿਸਾਨ ਨੇਤਾਵਾਂ ਸਰਵਨ ਸਿੰਘ ਪੰਧੇਰ, ਜਸਵਿੰਦ ਸਿੰਘ ਲੌਂਗੋਵਾਲ, ਸੁਖਵਿੰਦਰ ਸਿੰਘ ਨੇ ਦੱਸਿਆ ਕਿ 16 ਸੰਘਰਸ਼ ਕਰ ਰਹੇ ਸੰਗਠਨਾਂ ਦੇ ਫੋਰਮ ‘ਚ ਹੁਣ ਕਿਸਾਨ ਮਜ਼ਦੂਰ ਯੂਨੀਅਨ ਭਟੇਰੀ ਕਲਾਂ ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸ਼ਾਮਲ ਹੋਣ ਦੇ ਬਾਅਦ ਗਿਣਤੀ ਵੱਧ ਕੇ 17 ਹੋ ਗਈ ਸੀ। ਹੁਣ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸਮਰਥਨ ਦੇ ਬਾਅਦ ਅੰਦੋਲਨਕਾਰੀ ਸੰਗਠਨਾਂ ਦੀ ਗਿਣਤੀ 19 ਹੋ ਗਈ ਹੈ।

    ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਇਸ ਅੰਦੋਲਨ ਨੂੰ ਦਬਾਉਂਦੀ ਹੈ ਤਾਂ ਉਨ੍ਹਾਂ ਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਕੇਂਦਰ ਸਰਕਾਰ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਜਨ ਵਿਰੋਧੀ ਗਤੀਵਿਧੀਆਂ ਤੋਂ ਬਚਣਾ ਚਾਹੀਦਾ।

    ਪੰਜਾਬ ਵਿਚ 12 ਥਾਵਾਂ ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ ਦੇ ਬਟਾਲਾ, ਜਲੰਧਰ ਕੈਂਟ, ਤਰਨਤਾਰਨ, ਸੁਨਾਮ, ਨਾਭਾ, ਫਿਰੋਜ਼ਪੁਰ ‘ਚ ਬਸਤੀ ਟੈਂਕਵਾਲੀ ਤੇ ਮੱਲਾਂਵਾਲਾ, ਬਠਿੰਡਾ ‘ਚ ਰਾਮਪੁਰਾ, ਅੰਮ੍ਰਿਤਸਰ ਵਿਚ ਦੇਵੀਦਾਸਪੁਰਾ ‘ਚ ਰੇਲ ਟਰੈਕ ਜਾਮ ਕੀਤੇ ਜਾਣਗੇ।