ਕਪੂਰਥਲਾ (ਗੌਰਵ ਮੜੀਆ) – ਕੂੜੇ ਦੀ ਸਮੱਸਿਆ ਨੂੰ ਲੈਕੇ ਅਰਬਨ ਅਸਟੇਟ ਵੈਲਫੇਅਰ ਸੁਸਾਇਟੀ ਕਪੂਰਥਲਾ ਦੇ ਪ੍ਰਧਾਨ ਅਨੁਜ ਆਨੰਦ ਅਤੇ ਕੁਲਵਿੰਦਰ ਸਿੰਘ ਨਾਗਰਾ ਜਨਰਲ ਸਕੱਤਰ ਨੇ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਜਲਦੀ ਹੱਲ ਕਰਨ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਕਰੀਬ ਇੱਕ ਮਹੀਨੇ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਘਰਾਂ ਵਿੱਚ ਵੱਡੇ ਪੱਧਰ ’ਤੇ ਕੂੜਾ ਇਕੱਠਾ ਹੋ ਗਿਆ ਹੈ, ਜਿਸ ਕਾਰਨ ਗੰਦਗੀ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੱਧ ਰਿਹਾ ਹੈ। ਉਨ੍ਹਾਂ ਨੇ ਕਮਿਸ਼ਨਰ ਮੈਡਮ ਨੂੰ ਅਰਬਨ ਅਸਟੇਟ ਕਪੂਰਥਲਾ ਵਿਖੇ ਆਵਾਰਾ ਕੁੱਤਿਆਂ ਦੀ ਵੱਧ ਰਹੀ ਦਹਿਸ਼ਤ ਬਾਰੇ ਵੀ ਜਾਣੂ ਕਰਵਾਇਆ ਅਤੇ ਤੁਰੰਤ ਇਸ ਦੇ ਇਲਾਜ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਅਨੁਜ ਆਨੰਦ ਐਡਵੋਕੇਟ ਨੇ ਦੱਸਿਆ ਕਿ ਅਸੀਂ ਵਾਰ-ਵਾਰ ਨਿਗਮ ਦੇ ਦਫਤਰ ਜਾ ਰਹੇ ਹਾਂ ਅਤੇ ਜਲੰਧਰ ਵਿਕਾਸ ਅਥਾਰਟੀ ਦੇ ਅਧਿਕਾਰੀ ਨਾਲ ਵੀ ਸੰਪਰਕ ਕਰ ਰਹੇ ਹਾਂ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਕਮਿਸ਼ਨਰ ਮੈਡਮ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਕੂੜੇ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਆਵਾਰਾ ਕੁੱਤਿਆਂ ਦਾ ਮਸਲਾ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਕੁਲਵਿੰਦਰ ਸਿੰਘ ਨਾਗਰਾ ਜਨਰਲ ਸਕੱਤਰ ਨੇ ਦੱਸਿਆ ਕਿ 27 ਅਗਸਤ 2022 ਨੂੰ ਜਦੋਂ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਅਤੇ ਹੋਰ ਅਧਿਕਾਰੀ ਅਰਬਨ ਅਸਟੇਟ ਆਏ ਸਨ ਤਾਂ ਉਨ੍ਹਾਂ ਨੂੰ ਅਰਬਨ ਅਸਟੇਟ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਸੀ।