ਜਲੰਧਰ(ਵਿਕੀ ਸੂਰੀ)- ਨਿਊ ਦਸ਼ਮੇਸ਼ ਨਗਰ ‘ਚ ਰਹਿੰਦੇ ਇਕ ਵਿਅਕਤੀ ਨੇ ਆਪਣੇ ਘਰ ਦੇ ਬਾਹਰ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਮਨਮੋਹਨ ਨਾਰੰਗ ਪੁੱਤਰ ਮਨੋਹਰ ਲਾਲ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਰਵਿੰਦਰ ਕੁਮਾਰ ਤੇ ਭੂਆ ਦੇ ਲੜਕੇ ਕੰਵਲਜੀਤ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਮਨਮੋਹਨ ਦਾ ਸਾਲ 2013 ਵਿਚ ਜਲੰਧਰ ਦੀ ਰਹਿਣ ਵਾਲੀ ਲੜਕੀ ਨਾਲ ਵਿਆਹ ਹੋਇਆ ਸੀ ਅਤੇ ਪਤਨੀ ਵਲੋਂ ਜ਼ਿੱਦ ਕਰਨ ਉਤੇ ਮਨਮੋਹਨ ਕੁਝ ਸਮਾਂ ਪਹਿਲਾਂ ਜਲੰਧਰ ਆ ਕੇ ਰਹਿਣ ਲੱਗਾ ਸੀ। ਉਸ ਨੇ ਦੱਸਿਆ ਕਿ ਮਨਮੋਹਨ ਦੀ ਪਤਨੀ ਚਾਹੁੰਦੀ ਸੀ ਕਿ ਉਸ ਦਾ ਭਰਾ ਵੀ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਕੋਲ ਰਹੇ ਪਰ ਕਿਰਾਏ ਦਾ ਮਕਾਨ ਹੋਣ ਮਨਮੋਹਨ ਅਜਿਹਾ ਨਹੀਂ ਚਾਹੁੰਦਾ ਸੀ, ਜਿਸ ਕਰਕੇ ਘਰ ਵਿਚ ਅਕਸਰ ਲੜਾਈ ਰਹਿੰਦੀ ਸੀ। ਇਸੇ ਝਗੜੇ ਦੇ ਚੱਲਦੇ ਕੁਝ ਦਿਨ ਪਹਿਲਾਂ ਮਨਮੋਹਨ ਦੇ ਸਾਲੇ ਨੇ ਆਪਣੇ ਕੁਝ ਸਾਥੀਆਂ ਸਮੇਤ ਮੁਹੱਲੇ ‘ਚ ਲੋਕਾਂ ਦੇ ਸਾਹਮਣੇ ਉਸ ਦੀ ਕੁੱਟਮਾਰ ਕਰ ਦਿੱਤੀ ਤੇ ਆਪਣੇ ਨਾਲ ਹੋਈ ਕੁੱਟਮਾਰ ਤੋਂ ਪ੍ਰੇਸ਼ਾਨ ਮਨਮੋਹਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਦੇ ਪਾਸੋ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿਚ ਉਸ ਨੇ ਸਾਫ-ਸਾਫ ਆਪਣੇ ਸੋਹਰਾ ਪਰਿਵਾਰ ਤੇ ਦੋਸ਼ ਲਗਾਏ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।