ਮਾਛੀਵਾੜਾ ਸਾਹਿਬ (ਵਿੱਕੀ ਸੂਰੀ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਦੀ ਵਿਆਹੁਤਾ ਵਿਜੈ ਕੌਰ ਵਲੋਂ ਪੁਲਸ ਥਾਣਾ ਵਿਚ ਰਾਜ਼ੀਨਾਮੇ ਦੌਰਾਨ ਬੇਇੱਜ਼ਤ ਕਰਨ ‘ਤੇ ਆਪਣੇ ਘਰ ਆ ਕੇ ਆਤਮ-ਹੱਤਿਆ ਕਰ ਲਈ ਸੀ ਅਤੇ ਉਸ ਦੀ ਇਕ ਵੀਡੀਓ ਵਾਈਰਲ ਹੋਈ ਜਿਸ ‘ਚ ਉਸ ਨੇ ਜ਼ਲੀਲ ਕਰਨ ਵਾਲੇ ਵਿਅਕਤੀਆਂ ਦੇ ਨਾਂ ਲਏ ਹਨ।

    ਮ੍ਰਿਤਕ ਵਿਆਹੁਤਾ ਵਿਜੈ ਕੌਰ ਵਲੋਂ ਆਤਮ-ਹੱਤਿਆ ਤੋਂ ਪਹਿਲਾਂ ਵੀਡੀਓ ‘ਚ ਦੋਸ਼ ਲਾਇਆ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਪਿੰਡ ਦਾ ਸਰਪੰਚ, ਪੰਚਾਇਤ ਸਕੱਤਰ, ਪੰਚਾਇਤ ਮੈਂਬਰ ਅਤੇ ਹੋਰ 6 ਵਿਅਕਤੀਆਂ ਹਨ।

    ਉਸ ਨੇ ਕਿਹਾ ਕਿ ਇਨ੍ਹਾਂ ਸਾਰੇ ਵਿਅਕਤੀਆਂ ਨੇ ਮੰਦਰ ਦੀ ਜ਼ਮੀਨ ਲੈਣ ਮੌਕੇ ਮੇਰੇ ਬਾਰੇ ਕਾਫ਼ੀ ਗੱਲਾਂ ਕੀਤੀਆਂ, ਜਿਸ ਕਾਰਣ ਇਹ ਸਾਰੇ ਲੋਕ ਮੇਰੀ ਮੌਤ ਲਈ ਜ਼ਿੰਮੇਵਾਰ ਹਨ। ਦੂਸਰੇ ਪਾਸੇ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਕੂੰਮਕਲਾਂ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਘਰ ਨੇੜੇ ਹੀ 5 ਮਰਲੇ ਪੰਚਾਇਤੀ ਜ਼ਮੀਨ ‘ਤੇ ਉਨ੍ਹਾਂ ਦਾ ਕਬਜ਼ਾ ਹੈ ਜਿੱਥੇ ਉਹ ਪਸ਼ੂ ਆਦਿ ਬੰਨ੍ਹਦੇ ਸਨ।

    ਕੁਝ ਲੋਕਾਂ ਵਲੋਂ ਇੱਥੇ ਮੰਦਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਕਾਰਣ ਉਨ੍ਹਾਂ ਨੇ 5 ਮਰਲੇ ਜਗ੍ਹਾ ‘ਤੇ ਚਾਰਦਿਵਾਰੀ ਕਰਨੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ‘ਤੇ ਪੰਚਾਇਤ ਸਕੱਤਰ, ਸਰਪੰਚ ਅਤੇ ਪੰਚਾਇਤ ਮੈਂਬਰ ਉਨ੍ਹਾਂ ਨੂੰ ਧਮਕੀਆਂ ਦੇ ਕੇ ਚਲੇ ਗਏ ਅਤੇ ਉਨ੍ਹਾਂ ਖ਼ਿਲਾਫ਼ ਕੂੰਮਕਲਾਂ ਥਾਣਾ ‘ਚ ਆ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ।

    ਗੁਰਪ੍ਰੀਤ ਸਿੰਘ ਅਨੁਸਾਰ ਥਾਣੇ ‘ਚ ਉਸ ਦੀ ਪਤਨੀ ਤੋਂ ਮੁਆਫ਼ੀ ਮੰਗਵਾਈ ਗਈ ਅਤੇ ਜਦੋਂ ਉਹ ਘਰ ਵਾਪਸ ਆਏ ਤਾਂ ਗਲੀ ‘ਚ ਰਹਿੰਦੇ ਵਿਅਕਤੀ ਪੋਲਾ, ਭੋਲਾ, ਨਿੰਮਾ, ਪੀਤ, ਭੋਲੇ ਦੀ ਪਤਨੀ, ਬਿੰਦਾ ਸਾਰੇ ਵਾਸੀਆਨ ਬਲੀਏਵਾਲ ਨੇ ਮੇਰੀ ਪਤਨੀ ਨੂੰ ਤਾਹਨੇ ਮਾਰੇ ਜਿਸ ਕਾਰਣ ਉਸ ਦੀ ਪਤਨੀ ਵਿਜੈ ਕੌਰ ਇਹ ਬੇਇੱਜ਼ਤੀ ਸਹਾਰ ਨਾ ਸਕੀ ਅਤੇ ਉਸਨੇ ਘਰ ਗਲ-ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।

    ਕੂੰਮਕਲਾਂ ਪੁਲਸ ਵਲੋਂ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।