ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਜਿਸਦੇ ਵਿਚ ਉਹਨਾਂ ਪੰਜਾਬ ਦੇ ਨੌਜਵਾਨਾਂ, ਵਿਦਿਆਰਥੀ ਵਰਗ, ਸਿਹਤ, ਬਜ਼ੁਰਗਾਂ ਲਈ ਵੱਖ-ਵੱਖ ਸਕੀਮਾਂ ਦੇਣ ਦਾ ਵਾਅਦਾ ਕੀਤਾ।ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਨੇ ਆਪਣਾ ਚੋਣ ਮਨੋਰਥ ਪੱਤਰ ਰਿਲੀਜ਼ ਕੀਤਾ ਜਿਸ ਵਿਚ ਲਾਮਿਸਾਲ ਤੇ ਦਲੇਰਾਨਾ ਪਹਿਲਕਦਮੀਆਂ ਸ਼ਾਮਲ ਹਨ ਜਿਹਨਾਂ ਰਾਹੀਂ ਹਰ ਘਰ ਲਈ ਸੋਲਰ ਐਨਰਜੀ ਦੀ ਵਰਤੋਂ ਰਾਹੀਂ ਜ਼ੀਰੋ ਬਿੱਲ, ਕਿਤੇ ਵੀ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ, ਸਾਰੇ ਪੰਜਾਬੀਆਂ ਲਈ 10 ਲੱਖ ਰੁਪਏ ਦਾ ਸਾਲਾਨਾ ਸਿਹਤ ਬੀਮਾ, ਨੀਲਾ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ, ਬੇਘਰੇ ਗਰੀਬ ਲੋਕਾਂ ਲਈ ਪੰਜ ਪੰਜ ਮਰਲੇ ਦੇ ਪਲਾਟ ਤੇ ਪੰਜ ਲੱਖ ਪੱਕੇ ਮਕਾਨ, ਬੁਢਾਪਾ ਪੈਨਸ਼ਨ 3100 ਰੁਪਏ ਕਰਨਾ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ 75000 ਰੁਪਏ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਚੋਣ ਮਨੋਰਥ ਪੱਤਰ ਵਿਚ ਨੌਜਵਾਨਾਂ ਖਾਸ ਤੌਰ ’ਤੇ ਮਹਿਲਾਵਾਂ ਨੂੰ ਆਪਣੇ ਉਦਮ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਨਾ ਸ਼ਾਮਲ ਹੈ।ਇਥੈ ਪਾਰਟੀ ਦੇ ਮੁੱਖ ਦਫਤਰ ਵਿਚ ਇਹ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਪੰਜਾਬ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੁੰ ਅੱਗੇ ਦਲੇਰ ਨਵੇਂ ਯੁੱਗ ਵਿਚ ਲਿਜਾਣ ਲਈ ਅਸੀਂ ਬਹੁਤ ਲੋੜੀਂਆਂ ਸਮਾਜ ਭਲਾਈ ਸਕੀਮਾਂ ’ਤੇ ਜ਼ੋਰ ਦਿੱਤਾ ਹੈ ਜਿਸ ਤਹਿਤ ਸਭ ਦੀ ਨਿਰੰਰਤ ਤਰੱਕੀ ਅਤੇ ਵਿਕਾਸ ’ਤੇ ਧਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਸਮਾਜ ਦੇ ਹਰ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਵਿਚ ਲਾਮਿਸਾਲ ਤਬਦੀਲੀ ਲਿਆਵਾਂਗੇ। ਅਸੀਂ ਆਪਣੇ ਕਿਸਾਨਾਂ ਦੀ ਸਮਰਥਾ ਦੀ ਵਪਾਰਕ ਪੱਧਰ ’ਤੇ ਵਰਤੋਂ ਕਰਾਂਗੇ ਜਿਸ ਵਾਸਤੇ ਸਰਕਾਰੀ ਸਹਾਇਤਾ ਨਾਲ ਖੇਤੀਬਾੜੀ ਵਿਚ ਕ੍ਰਾਂਤੀ ਲਿਆਵਾਂਗੇ। ਅਸੀਂ ਮੱਕੀ ਤੋਂ ਈਥਾਨੋਲ ਬਣਾਉਣ ਵਾਸਤੇ ਇਕਾਈਆਂ ਦਾ ਨੈਟਵਰਕ ਸਥਾਪਿਤ ਕਰਨ ਵਰਗੀਆਂ ਨਿਵੇਕਲੀਆਂ ਪਹਿਲਕਦਮੀਆਂ ਕਰਾਂਗੇ। ਚੋਣ ਮਨੋਰਥ ਪੱਤਰ ਵਿਚ ਬਹੁਤ ਹੀ ਲਾਹੇਵੰਦ ਜਲ ਆਧਾਰਿਤ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ ਜਿਸ ਤਹਿਤ ਨਾ ਕਿਸੇ ਖਾਦ ਦੀ ਜ਼ਰੂਰਤ ਹੈ, ਨਾ ਕਿਸੇ ਦਵਾਈ ਦੀ ਅਤੇ ਸਿੰਜਾਈ ਦੇ ਪਾਣੀ ਦੀ 90 ਫੀਸਦੀ ਬੱਚਤ ਹੋਵੇਗੀ ਤੇ ਇਸ ਵਾਸਤੇ ਟਰੈਕਟਰ ਵਰਗੀ ਮਹਿੰਗੀ ਮਸ਼ੀਨਰੀ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਇਸ ਵਿਚ ਪਰਾਲੀ ਹੀ ਬਚੇਗੀ। ਸਰਦਾਰ ਬਾਦਲ ਤੇ ਸ੍ਰੀ ਬੈਨੀਵਾਲ ਨੇ ਦੱਸਿਆ ਕਿ ਨਵੇਂ ਪ੍ਰੋਫੈਸ਼ਨਲ ਮੌਕਿਆਂ ਨੂੰ ਖੋਲ੍ਹਦਿਆਂ ਚੋਣ ਮਨੋਰਥ ਪੱਤਰ ਵਿਚ ਕਈ ਵਾਅਦੇ ਕੀਤੇ ਗਏ ਹਨ। ਅਕਾਲੀ ਦਲ ਫਲਾਇੰਗ ਅਕੈਡਮੀਆਂ ਸ਼ੁਰੂ ਕਰੇਗਾ ਜਿਸ ਵਿਚ ਪਾਇਲਿਟਾਂ ਨੂੰ, ਫਲਾਇਟ ਇੰਜੀਨੀਅਰਜ਼ ਨੁੰ ਅਤੇ ਕੇਬਿਨ ਕ੍ਰਿਊ ਨੁੰ ਸਿਖਲਾਈ ਸਿਰਫ ਲਾਗਤ ਅਨੁਸਾਰ ਫੀਸ ਆਧਾਰ ’ਤੇ ਦਿੱਤੀ ਜਾਵੇਗੀ ਜਿਸ ਨਾਲ ਸਾਡੇ ਨੌਜਵਾਨਾਂ ਦੀ ਲੱਖਾਂ ਰੁਪਏ ਦੀ ਹੁੰਦੀ ਲੁੱਟ ਤੋਂ ਬਚਾਅ ਹੋ ਜਾਵੇਗਾ। ਸਿਆਸੀ ਤੇ ਸਮਾਜਿਕ ਮੁਹਾਜ਼ ’ਤੇ ਸ੍ਰੀ ਬਾਦਲ ਤੇ ਸ੍ਰੀ ਰਣਧੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਗਠਜੋੜ ਕਿਸੇ ਵੀ ਤਰੱਕੀ ਲਈ ਬੁਨਿਆਦੀ ਲੋੜ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਦ੍ਰਿੜ੍ਹ ਸੰਕਲਪ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਗਠਜੋੜ ਦੇਸ਼ ਵਿਚ ਸਹੀ ਸੰਘੀ ਢਾਂਚੇ ਦੇ ਵਿਚਾਰ ਪ੍ਰਤੀ ਦ੍ਰਿੜ੍ਹ ਸੰਕਲਪ ਹੈ ਅਤੇ ਇਹ ਦਰਿਆਈ ਪਾਣੀਆਂ, ਖੇਤਰੀ, ਸਿਆਸੀ ਤੇ ਧਾਰਮਿਕ ਮਾਮਲਿਆਂ ਵਿਚ ਰਾਜਾਂ ਲਈ ਨਿਆਂ ਹਾਸਲ ਕਰਨ ਵਾਸਤੇ ਸੰਘਰਸ਼ ਕਰਦਾ ਰਹੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਮਜ਼ਬੂਤ ਪੰਥਕ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ ਜਿਸਦੀ ਧਰਮ ਨਿਰਪੱਖ ਤੇ ਮਨੁੱਖਤਾ ਵਾਲੀ ਸੋਚ ਸਾਡੇ ਮਹਾਨ ਗੁਰੂ ਸਾਹਿਬਾਨ, ਸੰਤਾਂ ਤੇ ਪੀਰਾਂ ਫਰੀਕਾਂ ਵੱਲੋਂ ਦਰਸਾਏ ਰਾਹ ਅਨੁਸਾਰ ਹੈ ਤੇ ਅਸੀਂ ਗਰੀਬਾਂ ਤੇ ਦਬੇ ਕੁਚਲਿਆਂ ਦੀ ਆਵਾਜ਼ ਬਣੇ ਰਹਾਂਗੇ। ਚੋਣ ਮਨੋਰਥ ਪੱਤਰ ਵਿਚ ਪ੍ਰਸ਼ਾਸਨ ਨੁੰ ਡਿਜੀਟਲ ਬਣਾ ਕੇ ਇਸਨੁੰ ਪਾਰਦਰਸ਼ੀ ਤੇ ਜਵਾਬਦੇਹ ਬਣਾਉਣ ਲਈ ਪ੍ਰੁਮੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਨੂੰ ਸਹੂਲਤਾਂ ਉਹਨਾਂ ਦੇ ਕੋਲ ਮਿਲਣੀਆਂ ਚਾਹੀਦੀਆਂ ਹਨ ਤੇ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਰਕਾਰੀ ਅਫਸਰਾਂ ਤੇ ਅਧਿਕਾਰੀਆਂ ਦੀ ਵਾਧੂ ਭੂਮਿਕਾ ਹੁਣ ਬੀਤੇ ਸਮੇਂ ਦੀ ਗੱਲ ਰਹਿ ਜਾਵੇਗੀ ਤੇ ਇਸ ਲਈ ਡਿਜੀਟਲ ਪ੍ਰਸ਼ਾਸਨ ਦਾ ਰਾਹ ਅਪਣਾਇਆ ਜਾਵੇਗਾ ਤੇ ਭ੍ਰਿਸ਼ਟ ਦੇ ਮੌਕੇ ਹੀ ਖਤਮ ਕਰ ਦਿੱਤੇ ਜਾਣਗੇ। ਦੋਹਾਂ ਆਗੂਆਂ ਨੇ ਕਿਹਾ ਕਿ ਸ਼ਰਾਬ ਤੇ ਰੇਤ ਦੀ ਵਿਕਰੀ ਲਈ ਨਿਗਮ ਬਣਾਏ ਜਾਣਗੇ ਤੇ ਇਸ ਲਈ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੁੰ ਕੰਮ ਦੇ ਮੌਕੇ ਦਿੱਤੇ ਜਾਣਗੇ।ਦਿਹਾਤੀ ਵਿਕਾਸ ਬਾਰੇ ਗੱਲ ਕਰਦਿਆਂ ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਕਿ ਸਾਰੇ 12500 ਪਿੰਡਾਂ ਨੁੰ ਅੰਡਰ ਗਰਾਉਂਡ ਸੀਵਰੇਜ ਤੇ ਜਲ ਸਪਲਾਈ ਸਹੂਲਤ ਸ਼ਹਿਰਾਂ ਦੇ ਤਰਜ ’ਤੇ ਦਿੱਤੀ ਜਾਵੇਗੀ। ਇਸੇ ਤਰੀਕੇ ਮੌਜੂਦਾ ਗਲੀਆਂ ਦੀ ਥਾਂ ’ਤੇ ਕੰਕ੍ਰੀਟ ਦੀਆਂ ਗਲੀਆਂ ਬਣਾਈਆਂ ਜਾਣਗੀਆਂ ਤੇ ਪਿੰਡਾਂ ਵਿਚ ਐਲ ਈ ਡੀ ਲਾਈਟਾਂ ਲਗਵਾਈਆਂ ਜਾਣਗੀਆਂ। ਸਰਕਾਰ ਹਰ ਪਿੰਡ ਵਿਚ ਹੱਡਾ ਰੋੜੀ ਤੇ ਕਚਰੇ ਦੇ ਪ੍ਰਬੰਧਨ ਵਾਸਤੇ ਜ਼ਮੀਨ ਖਰੀਦੇਗੀ ਤੇ ਵਿਗਿਆਨਕ ਢੰਗ ਨਾਲ ਇਹਨਾਂ ਦਾ ਨਿਪਟਾਰਾ ਕਰੇਗੀ।