ਜਲੰਧਰ,(ਗਗਨਦੀਪ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੋ ਸਾਲਾ ਸਥਾਪਨਾ ਦਿਵਸ ਦੇ ਸਬੰਧ ’ਚ ਮੋਗਾ ਵਿਖੇ ਅਕਾਲੀ ਦਲ ਦੀ ਹੁਣ ਤਕ ਦੀ ਸਭ ਤੋਂ ਵੱਡੀ ਅਤੇ ਵਿਸ਼ਾਲ ਰੈਲੀ ਨੇ ਵਿਰੋਧੀ ਪਾਰਟੀਆਂ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਹਨ। ਅੱਜ ਹੋਈ ਇਸ ਜ਼ਬਰਦਸਤ ਰੈਲੀ ਨੇ ਪੰਜਾਬ ’ਚ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਨ ਦੀ ਨੀਂਹ ਰੱਖ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਮੋਗਾ ਰੈਲੀ ਤੋਂ ਵਾਪਸ ਆ ਕੇ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

    ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਟੀਟੂ, ਜਿਨ੍ਹਾਂ ਨਾਲ ਵੱਡੀ ਗਿਣਤੀ ’ਚ ਅਕਾਲੀ ਵਰਕਰ ਅਤੇ ਹੋਰ ਲੋਕਾਂ ਦਾ ਬਹੁਤ ਵੱਡਾ ਜੱਥਾ ਲੈ ਕੇ ਰੈਲੀ ’ਚ ਸ਼ਾਮਲ ਹੋਣ ਲਈ ਗਏ ਸਨ। ਟੀਟੂ ਜਿਥੇ ਪਾਰਟੀ ਦੇ ਅਣਥੱਕ ਵਰਕਰ ਹਨ, ਉਥੇ ਹੀ ਉਨ੍ਹਾਂ ਦੀ ਹਰ ਵਰਗ ’ਚ ਵੀ ਪੂਰੀ ਅਤੇ ਮਜ਼ਬੂਤ ਪਕੜ ਹੈ। ਉਨ੍ਹਾਂ ਨੇ ਕਾਂਗਰਸ ਸਰਕਾਰ ’ਤੇ ਵਰਦਿਆਂ ਆਖਿਆ ਕਿ ਉਹ ਅਕਾਲੀ ਵਰਕਰਾਂ ਤੇ ਲੀਡਰਾਂ ਦੇ ਦਿਲ ਦੀ ਧੜਕਨ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸਾਂ ’ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਅਕਾਲੀ ਵਰਕਰ ਕਦੇ ਵੀ ਬਰਦਾਸ਼ ਨਹੀਂ ਕਰਨਗੇ।

    ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਪੁਲਸ ਅਫਸਰਾਂ ਨੂੰ ਜ਼ਬਰਦਸਤੀ ਮਜ਼ਬੂਰ ਕੀਤਾ ਜਾ ਰਿਹਾ ਹੈ ਕਿ ਉਹ ਮਜੀਠੀਆ ਵਿਰੁੱਧ ਝੂਠੇ ਪਰਚੇ ਬਣਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਪਰ ਕੋਈ ਵੀ ਪੁਲਸ ਅਧਿਕਾਰੀ ਇਸ ਤਰ੍ਹਾਂ ਦੇ ਗਲਤ ਕੰਮ ਕਰਨ ਲਈ ਤਿਆਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਜੇਕਰ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਅਕਾਲੀ ਵਰਕਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਪੰਜਾਬ ਦੇ ਕਿਸੇ ਵੀ ਕਾਂਗਰਸੀ ਲੀਡਰ ਨੂੰ ਘਰ ’ਚੋ ਬਾਹਰ ਨਹੀਂ ਨਿਕਲਣ ਦੇਣਗੇ।

    ਇਸ ਮੌਕੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਅਮਰਪ੍ਰੀਤ ਸਿੰਘ ਰਿੰਕੂ, ਨਰਿੰਦਰ ਨੰਦਾ, ਜੋਤੀ ਟੰਡਨ, ਨਵੀਨ ਬੱਬਰ, ਗੁਰਮੀਤ ਸਿੰਘ ਮੀਤ, ਹਨੀ, ਗੋਰਵ, ਪ੍ਰਿੰਸ, ਨਰੇਸ਼ ਰਾਜ, ਗੋਰਵ ਪੰਡਤ, ਬੱਬਲੂ ਤੇ ਹੋਰ ਵੱਡੀ ਗਿਣਤੀ ’ਚ ਹਾਜ਼ਰ ਸਨ।