ਨੈਸ਼ਨਲ ਡੈਸਕ- ਟੀਮ ਇੰਡੀਆ ਦੇ ਬੱਲੇਬਾਜ਼ ਰਿਸ਼ਭ ਪੰਤ ਦੀ ਕਾਰ ਦਾ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਈ ਹੈ। ਜਾਣਕਾਰੀ ਅਨੁਾਸਾਰ ਦਿੱਲੀ ਤੋਂ ਘਰ ਜਾਂਦੇ ਸਮੇਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪੰਤ ਨੂੰ ਤੁਰੰਤ ਰੁੜਕੀ ਤੋਂ ਦਿੱਲੀ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਰਿਸ਼ਭ ਪੰਤ ਦੀ ਹਾਲਤ ਸਥਿਰ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਤ ਦੀ ਕਾਰ ਰੁੜਕੀ ਦੇ ਨਰਸਾਨ ਬਾਰਡਰ ‘ਤੇ ਹਮਾਦਪੁਰ ਝਾਲ ਕੋਲ ਰੇਲਿੰਗ ਨਾਲ ਟਕਰਾ ਗਈ।

    ਇਸ ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਰੇਲਿੰਗ ਨਾਲ ਟਕਰਾਉਣ ਨਾਲ ਕਾਰ ਸੜ ਕੇ ਸੁਆਹ ਹੋ ਗਈ। ਕਿਹਾ ਜਾ ਰਿਹਾ ਹੈ ਕਿ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਸੀ ਅਤੇ ਜਿਸ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨਾਲ ਸੜ ਗਈ।ਪੰਤ ਦੀ ਕਾਰ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਸੀ। ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਨੇ ਪੰਤ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਫਿਰ 108 ‘ਤੇ ਫੋਨ ਕਰਕੇ ਸੂਚਨਾ ਦਿੱਤੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੰਤ ਦੀ ਸੱਟ ਦੀ ਹਾਲਤ ਕੀ ਹੈ, ਇਹ ਅਜੇ ਸਪੱਸ਼ਟ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਗੰਭੀਰ ਜ਼ਖਮੀ ਹਨ।