ਗੜ੍ਹਦੀਵਾਲਾ (ਬਿਉਰੋ): ਗੜ੍ਹਦੀਵਾਲਾ ਨੇੜਲੇ ਪਿੰਡ ਫਤਿਹਪੁਰ ਵਿੱਚ ਵਾਪਰੇ ਭਿਆਨਕ ਹਾਦਸੇ ਦੌਰਾਨ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਪਲਟ ਗਈ। ਮਿਲੀ ਜਾਣਕਾਰੀ ਅਨੁਸਾਰ ਨਿੱਜੀ ਸਕੂਲ ਦੀ ਬੱਸ 30 ਦੇ ਕਰੀਬ ਬੱਚਿਆਂ ਨੂੰ ਲੈ ਕੇ ਪਿੰਡਾਂ ਵਿੱਚੋਂ ਲੰਘ ਰਹੀ ਸੀ। ਜਦੋਂ ਬੱਸ ਫਤਿਹਪੁਰ ਲਿੰਕ ਰੋਡ ‘ਤੇ ਪਹੁੰਚੀ ਤਾਂ ਖੇਤਾਂ ‘ਚ ਪਲਟ ਗਈ, ਜਿਸ ਕਾਰਨ ਬੱਸ ‘ਚ ਸਵਾਰ 30 ਬੱਚਿਆਂ ‘ਚੋਂ ਦੋ ਜ਼ਖਮੀ ਹੋ ਗਏ। ਬਾਕੀਆਂ ਦਾ ਬਚਾਅ ਹੋ ਗਿਆ। ਇਸ ਦੇ ਨਾਲ ਹੀ ਆਸ-ਪਾਸ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ। ਮੌਕੇ ‘ਤੇ ਪਹੁੰਚੀ ਪੁਲਸ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।