ਬਠਿੰਡਾ : ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸ਼ਨਿਚਰਵਾਰ ਸ਼ਾਮ ਪਿੰਡ ਗਿੱਲਪੱਤੀ ਨਜ਼ਦੀਕ ਅਵਾਰਾ ਪਸ਼ੂ ਦੇ ਅੱਗੇ ਆਉਣ ਕਾਰਨ ਬੱਜਰੀ ਦਾ ਭਰਿਆ ਟਰਾਲਾ ਸੜਕ ਵਿਚਕਾਰ ਪਲਟ ਗਿਆ। ਫਿਲਹਾਲ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਟਰਾਲਾ ਕਾਫੀ ਨੁਕਸਾਨਿਆ ਗਿਆ। ਟਰਾਲੇ ਅੱਗੇ ਜਿਹੜਾ ਪਸ਼ੂ ਆਇਆ ਸੀ, ਉਸ ਦੀ ਮੌਤ ਹੋ ਗਈ। ਟਰਾਲੇ ਦੇ ਹਾਈਵੇ ਵਿਚਕਾਰ ਪਲਟਣ ਕਾਰਨ ਦੋਹਾਂ ਪਾਸੇ ਵਾਹਨਾਂ ਦੀਆਂ ਲੰਮੀਆਂ–ਲੰਮੀਆਂ ਕਤਾਰਾਂ ਲੱਗ ਗਈਆਂ। ਘਟਨਾ ਦਾ ਪਤਾ ਲੱਗਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨ ਤੇ ਥਾਣਾ ਥਰਮਲ ਦੀ ਪੁਲਿਸ ਮੌਕੇ ’ਤੇ ਪਹੁੰਚੀ, ਜਿਨ੍ਹਾਂ ਨੇ ਸੜਕ ਵਿਚਕਾਰ ਡਿੱਗੇ ਟਰਾਲੇ ਨੂੰ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਸੜਕ ਸੁਰੱਖਿਆ ਫੋਰਸ ਦੇ ਜਵਾਨ ਸ਼ਪਨਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਤਾਂ ਉਹ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਟਰਾਲੇ ਦੇ ਅੱਗੇ ਅਚਾਨਕ ਪਸ਼ੂ ਆ ਗਿਆ ਜਿਸ ਕਾਰਨ ਟਰਾਲਾ ਚਾਲਕ ਨੇ ਟਰਾਲੇ ਦੀ ਬ੍ਰੇਕ ਲਗਾ ਦਿੱਤੀ ਤੇ ਟਰਾਲਾ ਸੜਕ ਵਿਚਕਾਰ ਪਲਟ ਗਿਆ। ਉਨ੍ਹਾਂ ਦੱਸਿਆ ਕਿ ਚਾਲਕ ਦੇ ਬੇਸ਼ੱਕ ਮਾਮੂਲੀ ਸੱਟਾਂ ਹਨ। ਉਨ੍ਹਾਂ ਦੱਸਿਆ ਕਿ ਹਾਈਡਰਾ ਮਸ਼ੀਨ ਨਾਲ ਟਰਾਲੇ ਨੂੰ ਸੜਕ ਤੋਂ ਪਾਸੇ ਕਰ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ।