ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਦੇਵਾ ਥਾਣਾ ਖੇਤਰ ਦੇ ਪਿੰਡ ਸਲਾਰਪੁਰ ਨੇੜੇ ਮੰਗਲਵਾਰ ਸ਼ਾਮ ਲਖਨਊ ਵਿਚ ਪਿਕਨਿਕ ਤੋਂ ਪਰਤ ਰਹੇ ਵਿਦਿਆਰਥੀਆਂ ਨਾਲ ਭਰੀ ਇਕ ਸਕੂਲੀ ਬੱਸ ਪਲਟ ਜਾਣ ਕਾਰਨ ਤਿੰਨ ਬੱਚਿਆਂ ਅਤੇ ਇਕ ਕੰਡਕਟਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 32 ਬੱਚੇ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ।
ਪੁਲਿਸ ਅਨੁਸਾਰ ਇਹ ਹਾਦਸਾ ਇਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ, ਜਿਸ ਵਿਚ 12 ਤੋਂ 13 ਸਾਲ ਦੇ ਤਿੰਨ ਬੱਚੇ ਅਤੇ ਬੱਸ ਕੰਡਕਟਰ ਦੀ ਮੌਤ ਹੋ ਗਈ ਅਤੇ 32 ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਚਾਰ ਬੱਚਿਆਂ ਨੂੰ ਲਖਨਊ ਦੇ ਇਕ ਉੱਚ ਦਰਜੇ ਦੇ ਮੈਡੀਕਲ ਇੰਸਟੀਚਿਊਟ ਵਿਚ ਭੇਜਿਆ ਗਿਆ ਹੈ।
ਵਧੀਕ ਪੁਲਿਸ ਸੁਪਰਡੈਂਟ (ਏਐਸਪੀ) ਅਖਿਲੇਸ਼ ਨਾਰਾਇਣ ਨੇ ਦਸਿਆ ਕਿ ਬੱਸ ਦੀ ਰਫ਼ਤਾਰ ਤੇਜ਼ ਸੀ ਅਤੇ ਇਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਬੱਸ ਪਲਟ ਗਈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ, ਜਿਸ ‘ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ।
ਇਹ ਬੱਸ ਵਿਕਾਸ ਬਲਾਕ ਸੂਰਤਗੰਜ ਦੇ ਕੰਪੋਜ਼ਿਟ ਸਕੂਲ ਹਰਕਾ ਦੀ ਸੀ। ਸਕੂਲ ਦੇ ਵਿਦਿਆਰਥੀ ਇਕ ਬੱਸ ਵਿਚ ਪਿਕਨਿਕ ਮਨਾਉਣ ਲਈ ਲਖਨਊ ਗਏ ਹੋਏ ਸਨ। ਇਹ ਹਾਦਸਾ ਲਖਨਊ ਤੋਂ ਪਰਤਦੇ ਸਮੇਂ ਵਾਪਰਿਆ।