ਚੰਡੀਗੜ੍ਹ ‘ਚ ਮੌਸਮ ‘ਚ ਬਦਲਾਅ ਨਾਲ ਸ਼ਹਿਰ ਦੀ ਹਵਾ ‘ਚ ਪ੍ਰਦੂਸ਼ਣ ਵੀ ਵਧ ਗਿਆ ਹੈ। ਚੰਡੀਗੜ੍ਹ ਪ੍ਰਦੂਸ਼ਣ ਦੇ ਮਾਮਲੇ ਵਿੱਚ ਰੈੱਡ ਜ਼ੋਨ ਵਿੱਚ ਪਹੁੰਚ ਗਿਆ ਹੈ। ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਹੀ ਸ਼ਹਿਰ ਦੇ ਹਾਲਾਤ ਬਦਤਰ ਹੋ ਗਏ ਹਨ। ਧੂੰਏਂ ਕਾਰਨ ਹਵਾ ਗੁਣਵੱਤਾ ਸੂਚਕ ਅੰਕ 380 ਤੱਕ ਪਹੁੰਚ ਗਿਆ ਹੈ। ਇੰਨਾ ਜ਼ਿਆਦਾ ਪ੍ਰਦੂਸ਼ਣ ਦੀਵਾਲੀ ਵਾਲੇ ਦਿਨ ਪਟਾਕਿਆਂ ਕਾਰਨ ਹੁੰਦਾ ਹੈ। ਹੁਣ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸ਼ਹਿਰ ਵਿੱਚ ਸੈਲਾਨੀਆਂ ਦੀ ਗਿਣਤੀ ਵੀ ਵਧੇਗੀ ਅਤੇ ਬਾਹਰੋਂ ਆਉਣ ਵਾਲੇ ਵਾਹਨਾਂ ਕਾਰਨ ਪ੍ਰਦੂਸ਼ਣ ਦਾ ਇਹ ਪੱਧਰ ਹੋਰ ਵੀ ਵੱਧ ਸਕਦਾ ਹੈ।

    ਦੱਸ ਦੇਈਏ ਕਿ ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ ਹਿਮਾਚਲ ਜਾਣ ਵਾਲੇ ਸੈਲਾਨੀ ਚੰਡੀਗੜ੍ਹ ਰਾਹੀਂ ਹੀ ਜਾਂਦੇ ਹਨ। ਅਜਿਹੇ ‘ਚ ਰੋਜ਼ਾਨਾ 5000 ਤੋਂ ਵੱਧ ਸੈਲਾਨੀਆਂ ਦੇ ਵਾਹਨ ਸ਼ਹਿਰ ਦੀਆਂ ਸੜਕਾਂ ‘ਤੇ ਆ ਰਹੇ ਹਨ। ਦਸੰਬਰ ਮਹੀਨੇ ‘ਚ ਚੰਡੀਗੜ੍ਹ ‘ਚ AQI ਇੱਕ ਦਿਨ ਵੀ 200 ਤੋਂ ਹੇਠਾਂ ਨਹੀਂ ਆਇਆ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਚੁੱਕੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ।

    ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣਾ ਹੈ। PGI ਦੇ ਵਾਤਾਵਰਨ ਮਾਹਿਰ ਪ੍ਰੋਫੈਸਰ ਰਵਿੰਦਰ ਖਾਈਵਾਲ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਕਾਰਨ ਧੂੰਆਂ ਵਧ ਰਿਹਾ ਹੈ ਅਤੇ ਧੂੰਆਂ ਵਧਣ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ।