ਪਿਛਲੇ ਦੋ ਦਿਨਾਂ ਤੋਂ ਲਾਪਤਾ ਬੈਂਕ ਮੈਨੇਜਰ ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਪਿੰਡ ਭੁੱਲਰ ਨੇੜਿਓਂ ਸਰਹਿੰਦ ਨਹਿਰ ’ਚੋਂ ਬਰਾਮਦ ਹੋਈ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਐੱਨਡੀਆਰਐੱਫ ਦੀਆਂ ਟੀਮਾਂ ਨਹਿਰ ’ਚ ਭਾਲ ਕਰ ਰਹੀਆਂ ਸਨ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਿਮਰਨਦੀਪ ਸਿੰਘ ਬਰਾੜ ਪੁੱਤਰ ਦਰਸ਼ਨ ਸਿੰਘ ਬਰਾੜ ਵਾਸੀ ਗੁਰੂ ਅੰਗਦ ਦੇਵ ਨਗਰ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਜੋ ਕਿ ਸੈਂਟਰਲ ਬੈਂਕ ਆਫ ਇੰਡੀਆ ਲੱਖੇਵਾਲੀ ਵਿਖੇ ਬੈਂਕ ਮੈਨੇਜਰ ਸਨ।
ਸਿਮਰਨਦੀਪ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਸਿਮਰਨਦੀਪ ਸਿੰਘ ਬਰਾੜ ਬੀਤੇ ਬੁੱਧਵਾਰ ਦੀ ਰਾਤ ਨੂੰ ਮੁਕਤਸਰ ’ਚ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਰਾਤ ਨੂੰ ਉਸ ਦੇ ਡਾਕਟਰ ਦੋਸਤਾਂ ਨੇ ਨਹਿਰ ਵੱਲ ਘੁੰਮ ਕੇ ਆਉਣ ਦਾ ਪਲਾਨ ਬਣਾਇਆ ਸੀ। ਉਸ ਦਾ ਬੇਟਾ ਆਪਣੀ ਕਾਰ ’ਚ ਇਕੱਲਾ ਸੀ। ਰਾਤ 10 ਵਜੇ ਸਿਮਰਨਦੀਪ ਦੀ ਪਤਨੀ ਨੇ ਉਸ ਨਾਲ ਫੋਨ ’ਤੇ ਗੱਲ ਕੀਤੀ ਅਤੇ ਪੁੱਛਿਆ ਕਿ ਉਹ ਘਰ ਕਦੋਂ ਆਵੇਗਾ।
ਉਸ ਦੌਰਾਨ ਸਿਮਰਨਦੀਪ ਨੇ ਕਿਹਾ ਕਿ ਉਸ ਨੂੰ ਘਰ ਆਉਣ ’ਚ ਕੁਝ ਸਮਾਂ ਲੱਗੇਗਾ। ਇਸ ਤੋਂ ਬਾਅਦ ਸਿਮਰਨਦੀਪ ਰਾਤ 2 ਵਜੇ ਤੱਕ ਵੀ ਘਰ ਨਹੀਂ ਆਇਆ, ਜਿਸ ਕਾਰਨ ਜਦੋਂ ਉਸ ਦੀ ਪਤਨੀ ਨੇ 2:15 ਵਜੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ। ਇਸ ਤੋਂ ਬਾਅਦ ਜਦੋਂ ਉਸ ਦੇ ਦੋਸਤ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਸਿਮਰਨਦੀਪ ਤਾਂ ਕਦੋਂ ਦਾ ਘਰ ਜਾ ਚੁੱਕਾ ਹੈ। ਜਦੋਂ ਕਿ ਉਹ ਘਰ ਨਹੀਂ ਪਹੁੰਚਿਆ ਸੀ।
ਓਧਰ ਸ਼ੁੱਕਰਵਾਰ ਨੂੰ ਜਦੋਂ ਪੁਲਿਸ ਨੇ ਨਹਿਰ ’ਤੇ ਜਾ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸਰਹਿੰਦ ਨਹਿਰ ਦੇ ਕੰਢੇ ਕਾਰ ਦੇ ਟਾਇਰਾਂ ਦੇ ਨਿਸ਼ਾਨ ਮਿਲੇ। ਵੀਰਵਾਰ ਦੇਰ ਰਾਤ ਐੱਸਐੱਸਪੀ ਤੁਸ਼ਾਰ ਗੁਪਤਾ ਵੀ ਖ਼ੁਦ ਨਹਿਰ ’ਤੇ ਪੁੱਜੇ। ਪੁਲਿਸ ਨੂੰ ਸ਼ੱਕ ਸੀ ਕਿ ਮੈਨੇਜਰ ਸਿਮਰਨਦੀਪ ਸਿੰਘ ਕਾਰ ਸਮੇਤ ਨਹਿਰ ’ਚ ਡਿੱਗ ਗਿਆ ਹੈ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕਾਰ ਸਲਿਪ ਹੋਣ ਕਰਨ ਕਰ ਕੇ ਡਿੱਗੀ ਹੋ ਸਕਦੀ ਹੈ, ਜਿਸ ਕਾਰਨ ਐੱਨਡੀਆਰਐੱਫ ਦੀਆਂ ਟੀਮਾਂ ਸ਼ੁੱਕਰਵਾਰ ਸਵੇਰ ਤੋਂ ਭਾਲ ’ਚ ਲੱਗੀਆਂ ਹੋਈਆਂ ਹਨ।
ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਕਾਰ ਸਮੇਤ ਸਿਮਰਨਦੀਪ ਦੀ ਲਾਸ਼ ਨਹਿਰ ’ਚੋਂ ਬਰਾਮਦ ਕੀਤੀ ਗਈ। ਐੱਨਡੀਆਰਐੱਫ ਟੀਮ ਅਤੇ ਪ੍ਰਾਈਵੇਟ ਗੋਤਾਖੋਰਾਂ ਵੱਲੋਂ ਵੱਡੀ ਮੁਸ਼ੱਕਤ ਦੇ ਬਾਅਦ ਕਾਰ ਸਮੇਤ ਸਿਰਮਨਦੀਪ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ।
ਐੱਸਐੱਸਪੀ ਤੁਸ਼ਾਰ ਗੁਪਤਾ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਗਿਆ ਹੈ। ਕਾਰ ਡਿੱਗਣ ਦੇ ਕਾਰਨਾਂ ਦਾ ਪਤਾ ਕਰਨ ਲਈ ਫੋਰੈਂਸਿਕ ਟੀਮ ਨੂੰ ਬਲਾਇਆ ਗਿਆ ਹੈ, ਜਿਸ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸਦੇ ਆਧਾਰ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।