ਜਲੰਧਰ (ਵਿੱਕੀ ਸੂਰੀ ) : ਥਾਣਾ ਨੰਬਰ ਪੰਜ ਦੀ ਹੱਦ ’ਚ ਪੈਂਦੇ ਕਾਲਾ ਸੰਘਿਆਂ ਰੋਡ ’ਤੇ ਘਾਹ ਮੰਡੀ ਚੁੰਗੀ ਨੇੜੇ ਮੰਗਲਵਾਰ ਰਾਤ ਨੂੰ ਇਕ ਟਰੱਕ ਦੀ ਲਪੇਟ ਚ ਆਉਣ ਨਾਲ 6ਵੀਂ ਜਮਾਤ ਦੇ ਸਾਈਕਲ ਸਵਾਰ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਾਲ ਵਾਸੀ ਘਾਹ ਮੰਡੀ ਵਜੋਂ ਹੋਈ ਹੈ। ਵਿਸ਼ਾਲ ਬਸਤੀ ਸ਼ੇਖ ’ਚ ਸਿਥਤ ਨਹਿਰੂ ਚਿਲਡਰਨ ਸੀਨੀਅਰ ਸੈਕੰਡਰੀ ਸਕੂਲ ’ਚ ਛੇਵੀਂ ਜਮਾਤ ’ਚ ਪੜ੍ਹਦਾ ਸੀ। ਜਾਣਕਾਰੀ ਮੁਤਾਬਕ ਵਿਸ਼ਾਲ ਦੇ ਪਿਤਾ ਸੁਭਾਸ਼ ਬਜਾਜ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਦੀ ਮਾਂ ਮਧੂਬਾਲਾ ਬਜਾਜ ਮਿਠਾਈ ਦੀ ਦੁਕਾਨ ਚਲਾ ਕੇ ਆਪਣਾ ਗੁਜ਼ਾਰਾ ਕਰਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ-5 ਦੇ ਐੱਸਐੱਚਓ ਭੂਸ਼ਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਰਾਤ ਕਰੀਬ 9 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ ਤੇ ਪਹੁੰਚ ਕੇ ਜਾਂਚ ਕਰਨ ਤੇ ਪਤਾ ਲੱਗਾ ਕਿ ਵਿਸ਼ਾਲ ਰਾਤ ਨੂੰ ਸਾਈਕਲ ਤੇ ਬਾਜ਼ਾਰ ਚ ਕੁਝ ਸਾਮਾਨ ਖਰੀਦਣ ਗਿਆ ਸੀ। ਬਜ਼ਾਰ ’ਚ ਜਿੱਥੇ ਇਕ ਟਰੱਕ ਜਨਰੇਟਰ ਲੈ ਕੇ ਆ ਰਿਹਾ ਸੀ ਉੱਥੇ ਕਾਫੀ ਭੀੜ ਸੀ। ਇਸ ਕਾਰਨ ਵਿਸ਼ਾਲ ਟਰੱਕ ਦੇ ਟਾਇਰ ਹੇਠਾਂ ਆ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਮੌਕੇ ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੇ ਵਿਸ਼ਾਲ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ। ਉੱਥੇ ਪਹੁੰਚਦੇ ਹੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਹਿਰਾਸਤ ਚ ਲੈ ਲਿਆ ਹੈ। ਐੱਸਐੱਚਓ ਭੂਸ਼ਣ ਕੁਮਾਰ ਨੂੰ ਦੱਸਿਆ ਗਿਆ ਕਿ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।