ਸੰਗਰੂਰ ; 15 ਜਨਵਰੀ- ਲੰਘੀ 5 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਸਕੱਤਰੇਤ ਦੇ ਮੈਂਬਰ, ਪਾਰਟੀ ਦੀ ਸੰਗਰੂਰ-ਮਲੇਰਕੋਟਲਾ ਜਿਲ੍ਹਾ ਕਮੇਟੀ ਦੇ ਪ੍ਰਧਾਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਭੀਮ ਸਿੰਘ ਨਮਿੱਤ ਬਹੁਤ ਹੀ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪੁਸ਼ਤੈਨੀ ਪਿੰਡ ਆਲਮਪੁਰ, ਨੇੜੇ ਲਹਿਰਾ ਗਾਗਾ ਜਿਲ੍ਹਾ ਸੰਗਰੂਰ ਵਿਖੇ ਹੋਇਆ। ਇਸ ਨਿਵੇਕਲੇ ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਇਲਾਕੇ ਦੀਆਂ ਤਕਰੀਬਨ ਸਾਰੀਆਂ ਖੱਬੀਆਂ ਤੇ ਪ੍ਰਗਤੀਸ਼ੀਲ ਪਾਰਟੀਆਂ ਤੇ ਸੰਗਠਨਾਂ ਦੇ ਆਗੂ ਆਪਣੇ ਵਿਛੜੇ ਸਾਥੀ ਨੂੰ ਸਿਜਦਾ ਕਰਨ ਲਈ ਪੁੱਜੇ ਹੋਏ ਸਨ।
ਆਪਣੇ ਯੁੱਧ ਸਾਥੀ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਾਥੀ ਭੀਮ ਸਿੰਘ ਆਲਮਪੁਰ ਨੂੰ ਕਿਰਤੀ-ਕਿਸਾਨਾਂ ਦੀ ਬੰਦ ਖਲਾਸੀ ਦੀ ਮਾਰਕਸੀ-ਲੈਨਿਨੀ ਵਿਚਾਰਧਾਰਾ ਦਾ ਸੱਚਾ ਪਹਿਰਾਬਰਦਾਰ ਅਤੇ ਲੋਕ ਯੁੱਧਾਂ ਦਾ ਅਨਿਨ ਯੋਧਾ ਐਲਾਨ ਕਰਦਿਆਂ ਪਾਰਟੀ ਦੀ ਪਾਰਟੀ ਦੇ ਕੇਂਦਰੀ ਕਮੇਟੀ ਵਲੋਂ ਉਨ੍ਹਾਂ ਦੀਆਂ ਮਹਾਨ ਘਾਲਣਾਵਾਂ ਨੂੰ ਸਿਜਦਾ ਕੀਤਾ। ਸਾਥੀ ਪਾਸਲਾ ਨੇ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਅਤੇ ਅਜੋਕੇ ਯੁੱਗ ‘ਚ ਫਿਰਕੇ-ਫਾਸ਼ੀ ਤਾਕਤਾਂ ਖਿਲਾਫ਼ ਭਾਰਤ ਦੇ ਕਮਿਊਨਿਸਟਾਂ ਵਲੋਂ ਲੜੇ ਜਾ ਰਹੇ ਆਰ-ਪਾਰ ਦੇ ਯੁੱਧ ਵਿਚ ਸਾਥੀ ਭੀਮ ਸਿੰਘ ਆਲਮਪੁਰ ਦੀ ਦ੍ਰਿੜ੍ਹਤਾ ਭਰਪੂਰ ਭੂਮਿਕਾ ਨੂੰ ਕ੍ਰਾਂਤੀਕਾਰੀ ਸਲਾਮ ਪੇਸ਼ ਕੀਤਾ।
ਆਪਣੀ ਪਾਰਟੀ ਵਲੋਂ ਭਾਵ ਪੂਰਤ ਅਕੀਦਤ ਭੇਂਟ ਕਰਦਿਆਂ ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ, ਸਾਬਕਾ ਵਿਧਾਇਕ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮਰਹੂਮ ਕਾਮਰੇਡ ਭੀਮ ਸਿੰਘ ਕੇਵਲ ਆਰਐਮਪੀਆਈ ਦੇ ਹੀ ਨਹੀਂ ਬਲਕਿ ਸਮੁੱਚੀ ਖੱਬੀ ਲਹਿਰ ਦੇ ਸਰਵ ਪ੍ਰਵਾਨਤ ਆਗੂ ਸਨ।
ਸੀਪੀਆਈ (ਐਮ) ਦੇ ਸੂਬਾਈ ਆਗੂ ਕਾਮਰੇਡ ਮੇਜਰ ਸਿੰਘ ਪੁੰਨਾਵਾਲ ਅਤੇ ਐਮਸੀਪੀਆਈ-ਯੂ ਦੀ ਪੋਲਿਟ ਬਿਊਰੋ ਦੇ ਮੈਂਬਰ ਕਾਮਰੇਡ ਕਿਰਨਜੀਤ ਸਿੰਘ ਸੇਖੋਂ ਨੇ ਉਨ੍ਹਾਂ ਨਾਲ ਬਿਤਾਏ ਸੁੱਖ-ਦੁਖ ਦੇ ਜਜ਼ਬਾਤੀ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਅੰਗ-ਸੰਗ ਰਹਿੰਦਿਆਂ ਲੜੇ ਅਤੇ ਜਿੱਤੇ ਗਏ ਅਨੇਕਾਂ ਮਾਣਮੱਤੇ ਘੋਲਾਂ ਦਾ ਉਚੇਚਾ ਜਿਕਰ ਕੀਤਾ।
ਸੀਪੀਆਈ (ਐਮਐਲ) ਲਿਬ੍ਰੇਸ਼ਨ ਦੇ ਸੀਨੀਅਰ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਟੀਕਰੀ ਬਾਰਡਰ ‘ਤੇ ਸਾਥੀ ਭੀਮ ਸਿੰਘ ਵਲੋਂ ਦਿੱਤੀ ਗਈ ਪ੍ਰੇਰਣਾਦਾਇਕ ਅਗਵਾਈ ਨੂੰ ਮਾਣ ਨਾਲ ਯਾਦ ਕੀਤਾ।
ਪਾਸਲਾ, ਅਰਸ਼ੀ, ਸੇਖੋਂ ਅਤੇ ਪੁੰਨਾਵਾਲ ਨੇ ਕਿਹਾ ਕਿ ਕਾਰਪੋਰੇਟ ਪੱਖੀ, ਫਿਰਕੂ-ਫਾਸਿਸਟ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਆਰਐਸਐਸ ਦੇ ਧਰਮ ਆਧਾਰਿਤ ਕੱਟੜ ਰਾਸ਼ਟਰ ਕਾਇਮ ਕਰਨ ਦੇ ਤਬਾਹਕੁੰਨ ਏਜੰਡੇ ਨੂੰ ਜ਼ਮੀਨਦੋਜ਼ ਕਰਨ ਲਈ ਜਨ ਸੰਗਰਾਮ ਪ੍ਰਚੰਡ ਕਰਨੇ ਹੀ ਸਾਥੀ ਭੀਮ ਸਿੰਘ ਆਲਮਪੁਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਸਾਬਕਾ ਐਮਐਲਏ ਸੁਰਜੀਤ ਸਿੰਘ ਧੀਮਾਨ ਨੇ ਉਨ੍ਹਾਂ ਨੂੰ ਮਿਸਾਲੀ ਰਹਿਬਰ ਅਤੇ ਪਿਆਰਾ ਯੁੱਧ ਸਾਥੀ ਕਹਿ ਕੇ ਵਡਿਆਇਆ।
ਲਹਿਰਾ ਗਾਗਾ ਤੋਂ ਵਿਧਾਨਕਾਰ ਵਰਿੰਦਰ ਕੁਮਾਰ ਗੋਇਲ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਦੇਵੀ ਦਿਆਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਜਸਟਿਸ ਰਾਜ ਸ਼ੇਖਰ ਅੱਤਰੀ ਵਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਪੜ੍ਹਿਆ ਗਿਆ। ਮੰਚ ਸੰਚਾਲਕ ਦੇ ਫਰਜ ਆਰ.ਐਮ.ਪੀ.ਆਈ. ਦੇ ਜਿਲ੍ਹਾ ਸਕੱਤਰ ਸਾਥੀ ਊਧਮ ਸਿੰਘ ਸੰਤੋਖਪੁਰਾ ਨੇ ਨਿਭਾਏ।
ਆਰਐਮਪੀਆਈ ਦੀ ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਤੇ ਸਕੱਤਰ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ, ਬਜ਼ੁਰਗ ਕਮਿਊਨਿਸਟ ਘੁਲਾਟੀਏ ਕਾਮਰੇਡ ਗੱਜਣ ਸਿੰਘ ਦੁੱਗਾਂ, ਸੀਟੀਯੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਦੇਵ ਰਾਜ ਵਰਮਾ, ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ ਹਰਿਆਣਾ ਦੇ ਪ੍ਰਧਾਨ ਮਨਦੀਪ ਸਿੰਘ ਨਥਵਾਨ, ਏਟਕ ਦੇ ਸੂਬਾਈ ਵਰਕਿੰਗ ਪ੍ਰਧਾਨ ਤੇ ਜਨਰਲ ਸਕੱਤਰ ਸੁਖਦੇਵ ਰਾਜ ਸ਼ਰਮਾ ਤੇ ਨਿਰਮਲ ਸਿੰਘ ਧਾਲੀਵਾਲ, ਨਾਮਵਰ ਖੱਬੇ ਪੱਖੀ ਆਗੂ ਸਤਵੰਤ ਸਿੰਘ ਖੰਡੇਬਾਦ, ਸਵਰਨਜੀਤ ਸਿੰਘ ਦਲਿਓ, ਹਰਭਗਵਾਨ ਭੀਖੀ, ਸਰਬਜੀਤ ਸਿੰਘ ਵੜੈਚ, ਮੱਖਣ ਸਿੰਘ ਜਖੇਪਲ, ਪੂਰਨ ਚੰਦ ਨਨਹੇੜਾ, ਹਰੀ ਸਿੰਘ ਢੀਂਢਸਾ, ਲਾਲ ਚੰਦ ਸਰਦੂਲਗੜ੍ਹ, ਭਰਪੂਰ ਸਿੰਘ ਦੁੱਗਾਂ, ਮਾਸਟਰ ਦੇਸ ਰਾਜ ਛਾਜਲੀ, ਲੋਕ ਚੇਤਨਾ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਸੁਖਦੇਵ ਚੰਗਾਲੀਵਾਲਾ, ਅਮਰੀਕ ਗੁਰਨੇ, ਮਹਿੰਦਰ ਬਾਗੀ, ਧਰਮ ਪ੍ਰਚਾਰ ਕਮੇਟੀ ਦੇ ਰਾਮਪਾਲ ਬਹਿਣੀਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਬੀਕੇਯੂ ਉਗਰਾਹਾਂ ਦੇ ਜਨਕ ਸਿੰਘ ਭੁਟਾਲ, ਸੱਭਿਆਚਾਰਕ ਮੰਚ ਛਾਜਲੀ ਦੇ ਕਰਮ ਸਿੰਘ ਸੱਤਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਅਤੇ ਸੰਗਰੂਰ, ਪਟਿਆਲਾ, ਬਠਿੰਡਾ ਜਿਲ੍ਹਿਆਂ ਦੇ ਅਨੇਕਾਂ ਸਰਕਰਦਾ ਆਗੂ ਮੌਜੂਦ ਸਨ।
ਸਾਥੀ ਭੀਮ ਸਿੰਘ ਦੀ ਸੁਪਤਨੀ ਭੈਣ ਬਲਵੀਰ ਕੌਰ, ਬੇਟੇ ਸਤਵੰਤ ਸਿੰਘ, ਬੇਟੀਆਂ ਪਰਮਜੀਤ ਤੇ ਕੁਲਦੀਪ ਅਤੇ ਛੋਟੇ ਭਰਾਤਾ ਭੋਲਾ ਸਿੰਘ ਵਲੋਂ ਸ਼ਰਧਾਂਜਲੀ ਅਰਪਿਤ ਕਰਨ ਲਈ ਪੁੱਜੀਆਂ ਸੰਗਤਾਂ ਵਾਸਤੇ ਲੰਗਰ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਹੋਈ ਚੋਖੀ ਮਾਤਰਾ ਵਿਚ ਅਗਾਂਹਵਧੂ ਸਾਹਿਤ ਦੀ ਵਿਕਰੀ ਤੋਂ ਵੀ ਇਸ ਤੱਥ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਮਾਗਮ ਵਿਚ ਕਿਹੋ ਜਿਹੇ ਮਿਆਰੀ ਲੋਕਾਂ ਵਲੋਂ ਸ਼ਿਲਕਤ ਕੀਤੀ ਗਈ।
ਜਾਰੀ ਕਰਤਾ : ਊਧਮ ਸਿੰਘ ਸੰਤੋਖਪੁਰਾ
ਸੰਪਰਕ ਨੰਬਰ: 94635 88991