ਜਲੰਧਰ, 20 ਫਰਵਰੀ (ਵਿੱਕੀ ਸੂਰੀ, ਅਭਯ ਸ਼ਰਮਾ): ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟਖੋਹ ਦੀਆਂ ਤਾਜ਼ਾ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਸਨੈਚਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਮੋਟਰਸਾਈਕਲ, ਦਾਤ ਅਤੇ ਨਕਦੀ ਬਰਾਮਦ ਕੀਤੀ ਹੈ |

    ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਚੌਂਕ ਨੇੜੇ ਲੁੱਟਖੋਹ ਦੀ ਘਟਨਾ ਵਾਪਰੀ ਸੀ।ਉਨ੍ਹਾਂ ਦੱਸਿਆ ਕਿ ਸਵੇਰੇ 6.15 ਵਜੇ ਦੇ ਕਰੀਬ ਧਨੀ ਰਾਮ ਨਾਮੀ ਵਿਅਕਤੀ ਤੋਂ ਚਾਰ ਨਕਾਬਪੋਸ਼ ਵਿਅਕਤੀਆਂ ਨੇ 4200 ਰੁਪਏ ਖੋਹ ਲਏ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੀੜਤ ਵੱਲੋਂ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਫਆਈਆਰ ਨੰਬਰ 29 ਮਿਤੀ 16-02-2024 ਅਧੀਨ 379ਬੀ, 34 ਆਈਪੀਸੀ ਥਾਣਾ ਡਿਵੀਜ਼ਨ 6 ਜਲੰਧਰ ਵਿਖੇ ਚਾਰ ਅਣਪਛਾਤੇ ਸਨੈਚਰਾਂ ਵਿਰੁੱਧ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵਿਗਿਆਨਕ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਕਿਰਨਪ੍ਰੀਤ ਸਿੰਘ ਉਰਫ਼ ਚਿੱਟਾ ਪੁੱਤਰ ਅਰੂੜ ਸਿੰਘ ਵਾਸੀ ਤੋਈ ਮੁਹੱਲਾ ਨੇੜੇ ਸਾਈਂ ਬਾਬਾ ਮੰਦਰ, ਖੁਰਲਾ ਖਿੰਗੜਾ ਜਲੰਧਰ ਅਤੇ ਹਰਦੇਵ ਸਿੰਘ ਉਰਫ਼ ਹੈਪੀ ਉਰਫ਼ ਗਿਆਨੀ ਪੁੱਤਰ ਪਰਮਜੀਤ ਸਿੰਘ ਵਾਸੀ ਨੰਬਰ 69 ਏ ਪ੍ਰਕਾਸ਼ ਇਨਕਲੇਵ ਖੁਰਲਾ ਖਿੰਗੜਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਟੀ-ਪੁਆਇੰਟ ਰਵਿੰਦਰਾ ਡੇਅ ਬੋਰਡਿੰਗ ਸਕੂਲ, ਨਿਊ ਜਵਾਹਰ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਪੁਲੀਸ ਨੇ ਇੱਕ ਦਾਤ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ 1000 ਰੁਪਏ ਬਰਾਮਦ ਕੀਤੇ ਹਨ।

    ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਰਨਪ੍ਰੀਤ ਸਿੰਘ ਖ਼ਿਲਾਫ਼ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ ਤਿੰਨ ਵੱਖ-ਵੱਖ ਐਫਆਈਆਰ ਦਰਜ ਹਨ ਜਦਕਿ ਹਰਦੇਵ ਸਿੰਘ ਉਰਫ਼ ਹੈਪੀ ਉਰਫ਼ ਗਿਆਨੀ ਦਾ ਅਜੇ ਤੱਕ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਲੱਭਿਆ ਹੈ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਵੇਰਵੇ ਸਾਂਝੇ ਕੀਤੇ ਜਾਣਗੇ।