ਕਾਠਗੜ੍ਹ : ਟੋਲ ਪਲਾਜ਼ਾ ਪੁਲਸ ਥਾਣਾ ਕਾਠਗੜ੍ਹ ਅਧੀਨ ਆਉਂਦੇ ਬਛੂਆ ਵਿਖੇ ਇਕ ਨਿੱਜੀ ਬੱਸ ਦੇ ਚਾਲਕ ਵੱਲੋਂ ਤਲਵਾਰ ਨਾਲ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਰਾਨ ਟੋਲ ਪਲਾਜ਼ਾ ਕੰਪਨੀ ਦੇ ਕਰਿੰਦਿਆਂ ਵੱਲੋਂ ਪੁਲਸ ਕੋਲ ਸ਼ਿਕਾਇਤ ਕੀਤੀ ਗਈ ਹੈ। ਟੋਲ ਪਲਾਜ਼ਾ ਬਛੂਆ ਦੇ ਮੈਨੇਜਰ ਨੇ ਦੱਸਿਆ ਕਿ ਬੱਸ ਇਕ ਨਿੱਜੀ ਕੰਪਨੀ ਦੀ ਹੈ ਜੋ ਕਿ ਚੰਡੀਗੜ੍ਹ ਨੂੰ ਜਾ ਰਹੀ ਸੀ। ਬੱਸ ਚਾਲਕ ਪਹਿਲਾ ਤਾਂ ਤੇਜ਼ ਹਾਰਨ ਵਜਾਉਂਦੇ ਹੋਏ ਟੋਲ ਪਲਾਜ਼ਾ ‘ਤੇ ਪੁੱਜੀ ਜਦਕਿ ਆਈਪੀ ਲਾਈਨ ‘ਤੇ ਪਰਚੀ ਕਟਵਾ ਰਹੀਆਂ ਦੋ ਗੱਡੀਆਂ ਖੜ੍ਹੀਆਂ ਸਨ।ਜਿਸ ਦੀ ਪਰਚੀ ਟੋਲ ਮੁਲਾਜ਼ਮ ਕੱਟ ਰਹੇ ਸਨ। ਜਦਕਿ ਬੱਸ ਚਾਲਕ ਨੇ ਕਾਹਲੀ ਵਿਚ ਬੱਸ ਨੂੰ ਬਾਹਰ ਕੱਢਿਆ ਤਾਂ ਟੋਲ ਕਰਮਚਾਰੀ ਅਜੀਤ ਸਿੰਘ ਵਾਲ ਵਾਲ ਬਚ ਗਿਆ। ਜਦੋਂ ਟੋਲ ਮੁਲਾਜ਼ਮਾਂ ਨੇ ਬੱਸ ਡਰਾਈਵਰ ਨੂੰ ਅਜਿਹਾ ਨਾ ਕਰਨ ਤੋਂ ਰੋਕਿਆ ਤਾਂ ਸ਼ਾਂਤ ਹੋਣ ਦੀ ਥਾਂ ਬੱਸ ਚਾਲਕ ਨੇ ਮੁਲਾਜ਼ਮਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਤੇਜ਼ਧਾਰ ਤਲਵਾਰ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਇਹ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਮੌਜੂਦ ਹੈ। ਇਨ੍ਹਾਂ ਕੰਪਨੀਆਂ ਦੀਆਂ ਬੱਸਾਂ ਵੱਲੋਂ ਟੋਲ ਪਲਾਜ਼ਾ ‘ਤੇ ਲੱਗੇ ਟੋਲ ਗੇਟ ਨੂੰ ਤੋੜਨਾ ਰੋਜ਼ਾਨਾ ਦਾ ਕੰਮ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪੁਲਸ ਥਾਣਾ ਕਾਠਗੜ੍ਹ ਵਿਖੇ ਸ਼ਿਕਾਇਤ ਕਰ ਦਿੱਤੀ ਗਈ ਹੈ।