ਜਲੰਧਰ ( ਵਿੱਕੀ ਸੂਰੀ ):- ਪੰਜਾਬ ਦੇ ਜਲੰਧਰ ਦੇ ਬਬਰੀਕ ਚੌਕ ਨੇੜੇ ਪੰਜਾਬ ਪੁਲਿਸ ਦੇ ਇੱਕ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਜਲੰਧਰ ਦੇ ਰਾਮ ਦਾਸ ਨਗਰ, ਚੌਗਿੱਟੀ ਇਲਾਕੇ ਦਾ ਰਹਿਣ ਵਾਲਾ 48 ਸਾਲਾ ਰਮਨੀਕ ਸਿੰਘ ਨੂੰ  ਪੀ.ਏ.ਪੀ ਰਿੰਕੂ ਪੰਡਿਤ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।ਸ਼ੁੱਕਰਵਾਰ ਨੂੰ ਉਹ ਆਪਣੀ ਸਰਕਾਰੀ ਕਾਰਬਾਈਨ ਦੀ ਸਫਾਈ ਕਰ ਰਿਹਾ ਸੀ, ਇਸ ਦੌਰਾਨ ਉਸ ਦੀ ਕਾਰਬਾਈਨ ‘ਚੋਂ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਮਨੀਕ ਸਿੰਘ 3 ਬੇਟੀਆਂ ਦੇ ਪਿਤਾ ਸਨ।

    ਜਾਣਕਾਰੀ ਅਨੁਸਾਰ ਇਹ ਘਟਨਾ ਬਬਰੀਕ ਚੌਕ ਨੇੜੇ ਸਥਿਤ ਰਿੰਕੂ ਪੰਡਿਤ ਦੇ ਘਰ ਵਾਪਰੀ। ਸ਼ੁੱਕਰਵਾਰ ਸਵੇਰੇ ਉਹ ਆਪਣੀ ਕਾਰਬਾਈਨ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀਆਂ ਚਲਾਈਆਂ ਗਈਆਂ। ਜਦੋਂ ਘਰ ‘ਚ ਮੌਜੂਦ ਪਰਿਵਾਰ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਰਮਨੀਕ ਸਿੰਘ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।ਜਾਂਚ ‘ਚ ਪਤਾ ਲੱਗਾ ਕਿ ਗੋਲੀਆਂ ਉਸ ਦੀ ਗਰਦਨ ਦੇ ਹੇਠਲੇ ਹਿੱਸੇ ‘ਚ ਲੱਗੀਆਂ ਸਨ। ਗੋਲੀ ਲੱਗਣ ਨਾਲ ਰਮਨੀਕ ਦੇ ਸਿਰ ਵਿਚੋਂ ਗੋਲੀਆਂ ਨਿਕਲ ਗਈਆਂ ਸਨ। ਘਟਨਾ ਵਾਲੀ ਥਾਂ ‘ਤੇ ਰਮਨੀਕ ਦੇ ਨਾਲ ਬੰਦੂਕਧਾਰੀ ਵੀ ਮੌਜੂਦ ਸੀ। ਜਿਸ ਨੇ ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਵਿਭਾਗ ਨੂੰ ਸੂਚਿਤ ਕੀਤਾ ਸੀ।

    ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਲਦ ਹੀ ਮ੍ਰਿਤਕ ਦੀ ਪਤਨੀ ਪੂਜਾ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕਰੇਗੀ।ਇਸ ਦੌਰਾਨ ਏਸੀਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਰਮਨੀਕ ਸਿੰਘ ਕਾਂਸਟੇਬਲ ਵਜੋਂ ਤਾਇਨਾਤ ਸੀ। ਰਮਨੀਕ ਸਿੰਘ ਪਹਿਲਾਂ ਪੀਏਪੀ ਵਿੱਚ ਤਾਇਨਾਤ ਸੀ, ਪਰ ਉਹ 2 ਦਿਨ ਪਹਿਲਾਂ ਹੀ ਰਿੰਕੂ ਦੀ ਸੁਰੱਖਿਆ ਲਈ ਆਇਆ ਸੀ। ਅਜਿਹਾ ਇਸ ਲਈ ਕਿਉਂਕਿ ਰਿੰਕੂ ਦਾ ਇੱਕ ਗੰਨਮੈਨ ਕਿਸੇ ਕੰਮ ਲਈ ਵਿਦੇਸ਼ ਗਿਆ ਹੋਇਆ ਸੀ। ਰਮਨੀਕ ਦੀ ਗਰਦਨ ‘ਤੇ ਤਿੰਨ ਗੋਲੀਆਂ ਲੱਗੀਆਂ ਸਨ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਸੈਂਪਲ ਵੀ ਲਏ ਹਨ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।