ਫ਼ਿਰੋਜ਼ਪੁਰ, 6 ਅਗਸਤ (ਜਤਿੰਦਰ ਪਿੰਕਲ): ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪ੍ਰਸਿੱਧ ਲੇਖਕ ਹੀਰਾ ਸਿੰਘ ਤੂਤ ਦੀ ਵਾਰਤਕ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਨੂੰ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਸਿੱਧੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ, ਡੀਟੀਐਫ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ ਸਰਬਜੀਤ ਸਿੰਘ ਭਾਵੜਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਇਸ ਮੌਕੇ ਗੁਰਨਾਮ ਸਿੰਘ ਗਾਮਾ ਸਿੱਧੂ, ਅਵਤਾਰ ਸਿੰਘ ਮਹਿਮਾ ਅਤੇ ਮਲਕੀਤ ਸਿੰਘ ਹਰਾਜ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੇ ਵਿਚਾਰਾਂ ਨੂੰ ਵਿਸ਼ਾਲ ਬਣਾਉਣ ਦੇ ਨਾਲ-ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਦੇ ਅਨੁਸਾਰ ਸਾਹਿਤ ਸਿਰਫ਼ ਗਿਆਨ ਦਾ ਸਰੋਤ ਨਹੀਂ, ਸਗੋਂ ਵਿਅਕਤੀਤਵ ਨਿਰਮਾਣ ਦਾ ਵੀ ਅਹਿਮ ਸਾਧਨ ਹੈ।

ਡੀਟੀਐਫ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ ਸਰਬਜੀਤ ਸਿੰਘ ਭਾਵੜਾ ਨੇ ਪੁਸਤਕ ‘ਤੂਤ ਦੀ ਪੈੜ’ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਵਿੱਚ ਸਮਾਜਿਕ ਹਕੀਕਤਾਂ, ਮਨੁੱਖੀ ਜੀਵਨ ਦੇ ਅਨੁਭਵਾਂ ਅਤੇ ਲੋਕ ਜੀਵਨ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਲੇਖਕ ਹੀਰਾ ਸਿੰਘ ਤੂਤ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਤਾਬਾਂ ਸਾਨੂੰ ਆਪਣੇ ਇਤਿਹਾਸ, ਸੱਭਿਆਚਾਰ, ਅਧਿਕਾਰਾਂ ਅਤੇ ਫ਼ਰਜ਼ਾਂ ਬਾਰੇ ਜਾਗਰੂਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਸਮਾਜ ਕਿਤਾਬਾਂ ਨਾਲ ਜੁੜਿਆ ਰਹਿੰਦਾ ਹੈ, ਉਹ ਹਮੇਸ਼ਾ ਤਰੱਕੀ ਦੇ ਰਾਹ ‘ਤੇ ਅੱਗੇ ਵਧਦਾ ਹੈ।

ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਜੋਕੀ ਨੌਜਵਾਨ ਪੀੜੀ ਸੋਸ਼ਲ ਮੀਡੀਆ ਵੱਲ ਵੱਧ ਆਕਰਸ਼ਿਤ ਹੋ ਰਹੀ ਹੈ, ਜਿਸ ਕਾਰਨ ਪੜ੍ਹਨ ਦੀ ਆਦਤ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਲਾਭਦਾਇਕ ਹੋ ਸਕਦੀ ਹੈ, ਪਰ ਇਸ ਦੇ ਨਾਲ ਕਿਤਾਬਾਂ ਦਾ ਅਧਿਐਨ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨਾਂ ਵਿੱਚ ਸਿਰਜਣਾਤਮਕ ਸੋਚ, ਤਰਕਸ਼ੀਲਤਾ ਅਤੇ ਸਮਾਜਿਕ ਚੇਤਨਾ ਦਾ ਵਿਕਾਸ ਹੋ ਸਕੇ।

ਇਸ ਮੌਕੇ ਜਸਪਾਲ ਸਿੰਘ ਜੋਸਨ, ਕਪਿਲ ਸੇਠੀ, ਸਵਰਨ ਸਿੰਘ ਜੋਸਨ, ਨਰਿੰਦਰ ਜੰਮੂ, ਅਮਿਤ ਸ਼ਰਮਾ, ਕਿਰਪਾਲ ਸਿੰਘ, ਸਿਮਰਨਜੀਤ ਸਿੰਘ, ਜੱਗਾ ਗੁਲਾਮੀ ਵਾਲਾ ਸਮੇਤ ਸਾਹਿਤ, ਪੱਤਰਕਾਰੀ, ਅਧਿਆਪਕ ਅਤੇ ਸਮਾਜਿਕ ਖੇਤਰ ਨਾਲ ਸੰਬੰਧਤ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਹਾਜ਼ਰ ਸਨ। ਹਾਜ਼ਰੀਨ ਨੇ ਹੀਰਾ ਸਿੰਘ ਤੂਤ ਨੂੰ ਉਨ੍ਹਾਂ ਦੀ 21ਵੀਂ ਪੁਸਤਕ ਦੇ ਪ੍ਰਕਾਸ਼ਨ ‘ਤੇ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਸਾਹਿਤ ਦੀ ਸੇਵਾ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ।