ਬਠਿੰਡਾ : ਬਠਿੰਡਾ–ਬਾਦਲ ਸੜਕ ‘ਤੇ ਪਿੰਡ ਘੁੱਦਾ ਨਜ਼ਦੀਕ ਬੀਤੀ ਰਾਤ ਕਾਰਾਂ ਦੀ ਹੋਈ ਟੱਕਰ ’ਚ ਮਾਪਿਆ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਜਦੋਂਕਿ ਇਸ ਹਾਦਸੇ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਜਵੀਰ ਸਿੰਘ ਪੁੱਤਰ ਭੋਲਾ ਸਿੰਘ ਅਤੇ ਗੁਰਜੀਤ ਸਿੰਘ ਵਾਸੀਆਨ ਅਬੁਲ ਖੁਰਾਣਾ ਬਠਿੰਡਾ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ, ਮੀਂਹ ਕਾਰਨ ਸੜਕ ’ਤੇ ਪਾਣੀ ਭਰਿਆ ਹੋਣ ਕਾਰਨ ਉਹ ਪਿੰਡ ਘੁੱਦਾ ਨਜ਼ਦੀਕ ਰੁਕ ਗਏ।
ਇਸੇ ਦੌਰਾਨ ਖੁਸ਼ਪ੍ਰੀਤ ਸਿੰਘ ਵਾਸੀ ਜੰਗੀਰਾਣਾ ਤੇ ਗਗਨਦੀਪ ਸਿੰਘ ਵਾਸੀ ਬੰਬੀਹਾ ਵੀ ਬਠਿੰਡਾ ਤੋਂ ਜੰਗੀਰਾਣਾ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਰਾਜਵੀਰ ਸਿੰਘ ਵੱਲੋਂ ਆਪਣੀ ਕਾਰ ਸੜਕ ’ਤੇ ਗਲਤ ਸਾਇਡ ‘ਤੇ ਖੜੀ ਕੀਤੀ ਸੀ, ਜਿਸ ਕਾਰਨ ਖੁਸਪ੍ਰੀਤ ਸਿੰਘ ਵੱਲੋਂ ਕਾਰ ਨੂੰ ਪਿੱਛੋ ਟੱਕਰ ਮਾਰ ਦਿੱਤੀ ਗਈ, ਇਸ ਟੱਕਰ ’ਚ ਰਾਜਵੀਰ ਸਿੰਘ ਦੀ ਮੌਤ ਹੋ ਗਈ ਜਦਕਿ ਦੂਸਰੇ ਕਾਰ ਸਵਾਰ ਤਿੰਨੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਪਹਿਲਾ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਫਿਰ ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਾਜਵੀਰ ਸਿੰਘ ਮਾਪਿਆ ਦਾ ਇਕਲੌਤਾ ਪੁੱਤ ਸੀ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕਾਰਵਾਈ ਨਹੀਂ ਕਰਵਾਈ ਗਈ।
Related