ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ 12 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਤਿੰਨ ਤਸਕਰਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਪੁਲਿਸ ਉਨ੍ਹਾਂ ਦਾ ਨੈੱਟਵਰਕ ਖੰਘਾਲਣ ’ਚ ਲੱਗੀ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ। ਇਹ ਸਮੱਗਲਰ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਦੇ ਸੰਪਰਕ ਵਿਚ ਸਨ ਤੇ ਉਥੋਂ ਹੀ ਹੈਰੋਇਨ ਦੀ ਖੇਪ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਨੂੰ ਵ੍ਹਟਸਐਪ ਕਾਲ ਰਾਹੀਂ ਹੀ ਹੈਰੋਇਨ ਦੀ ਖੇਪ ਭੇਜਣ ਲਈ ਕਿਹਾ ਜਾਂਦਾ ਸੀ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬੁੱਧਵਾਰ ਰਾਤ ਨੂੰ ਹੀ ਪਾਕਿਸਤਾਨ ਤੋਂ ਡ੍ਰੋਨ ਰਾਹੀਂ 12 ਕਿਲੋ ਹੈਰੋਇਨ ਦੀ ਖੇਪ ਭਾਰਤ ਪਹੁੰਚੀ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਲੋਕਾਂ ਨੇ ਹੁਣ ਤੱਕ ਕਿੰਨੀਆਂ ਖੇਪਾਂ ਮੰਗਵਾਈਆਂ ਹਨ। ਪਾਕਿਸਤਾਨ ’ਚ ਕਿਸ ਦੇ ਸੰਪਰਕ ’ਚ ਸਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲੋਂ ਬਰਾਮਦ ਹੋਈ ਖੇਪ, ਉਹ ਕਿਸ ਤਸਕਰ ਨੂੰ ਦੇਣ ਜਾ ਰਹੇ ਸਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਤਿੰਨਾਂ ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਮੋਬਾਈਲ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਤਿੰਨੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ, ਚੋਰੀ ਤੇ ਅਗਵਾ ਆਦਿ ਦੇ ਕੇਸ ਦਰਜ ਕੀਤੇ ਗਏ ਹਨ।

    ਜ਼ਿਕਰਯੋਗ ਹੈ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ ਅਤੇ ਜ਼ਿਲ੍ਹਾ ਦਿਹਾਤੀ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਪਿੰਡ ਬਹਿਦਵਾਲ ਤੋਂ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ। ਨਾਕੇ ਦੌਰਾਨ ਤਿੰਨੇ ਤਸਕਰਾਂ ਨੂੰ ਰੋਕਿਆ ਗਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 12 ਕਿੱਲੋ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਭਿੰਦਰ ਸਿੰਘ ਉਰਫ਼ ਭਿੰਦਾ ਵਾਸੀ ਪਿੰਡ ਦਾਉਕੇ ਘਰਿੰਡਾ, ਦਿਲਬਾਗ ਸਿੰਘ ਉਰਫ਼ ਮਨੂ ਵਾਸੀ ਪਿੰਡ ਰਾਜਾਤਾਲ ਘਰਿੰਡਾ ਤੇ ਮਨੀਪਾਲ ਸਿੰਘ ਉਰਫ਼ ਮਨੀ ਵਾਸੀ ਪਿੰਡ ਛੀਨਾ ਸ਼ਬਾਜਪੁਰ ਰਾਜਾਸਾਂਸੀ ਵਜੋਂ ਹੋਈ ਹੈ।