ਸ਼੍ਰੀਲੰਕਾ ਨੂੰ 3-0 ਨਾਲ ਟੀ-20 ਸੀਰੀਜ਼ ਹਰਾਉਣ ਤੋਂ ਬਾਅਦ ਟੀਮ ਇੰਡੀਆ ਅੱਜ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਣ ਉਤਰੇਗੀ। ਇਹ ਮੁਕਾਬਲਾ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਦੁਪਹਿਰ 2.30 ਵਜੇ ਤੋਂ ਖੇਡਿਆ ਜਾਵੇਗਾ। ਸ਼੍ਰੀਲੰਕਾਈ ਟੀਮ ਮਥੀਸ਼ ਪਥਿਰਾਨਾ ਸਣੇ ਆਪਣੇ 4 ਮੁੱਖ ਤੇਜ਼ ਗੇਂਦਬਾਜ਼ਾਂ ਦੇ ਬਿਨ੍ਹਾਂ ਉਤਰੇਗੀ। ਭਾਰਤ ਟੀ-20 ਟੀਮ ਦੇ 6 ਖਿਡਾਰੀਆਂ ਦੇ ਬਿਨ੍ਹਾਂ ਉਤਰੇਗਾ। ਉਨ੍ਹਾਂ ਦੀ ਜਗ੍ਹਾ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਲੈਣਗੇ। ਰੋਹਿਤ ਤੇ ਵਿਰਾਟ ਦੋਵੇਂ ਹੀ ਵਨਡੇ ਵਿਸ਼ਵ ਕੱਪ ਫਾਈਨਲ ਵਿੱਚ ਮਿਲੀ ਆਸਟ੍ਰੇਲੀਆ ਦੇ ਖਿਲਾਫ਼ ਹਾਰ ਦੇ ਬਾਅਦ ਪਹਿਲਾ ਵਨਡੇ ਖੇਡਣਗੇ।ਭਾਰਤ ਦੇ ਕੋਲ ਅੱਜ ਸ਼੍ਰੀਲੰਕਾ ‘ਤੇ 100ਵੀਂ ਵਨਡੇ ਜਿੱਤ ਦਰਜ ਕਰਨ ਦਾ ਮੌਕਾ ਹੈ। ਦੋਹਾਂ ਵਿਚਾਲੇ 168 ਵਨਡੇ ਖੇਡੇ ਗਏ, 99 ਵਿੱਚ ਭਾਰਤ ਤੇ 57 ਵਿੱਚ ਸ਼੍ਰੀਲੰਕਾ ਨੂੰ ਜਿੱਤ ਮਿਲੀ। ਇਸ ਦੌਰਾਨ 1 ਵਨਡੇ ਟਾਈ ਤੇ 11 ਮੈਚ ਬੇਨਤੀਜਾ ਰਹੇ। ਸਾਲ 2014 ਤੋਂ ਤਾਂ ਭਾਰਤ ਨੇ ਸ਼੍ਰੀਲੰਕਾ ਨੂੰ 25 ਵਿੱਚੋਂ 21 ਵਨਡੇ ਹਰਾਏ ਹਨ। ਮਹਿਜ਼ 4 ਵਿੱਚ ਸ਼੍ਰੀਲੰਕਾ ਨੂੰ ਜਿੱਤ ਮਿਲ ਸਕੀ ਹੈ। ਜੇਕਰ ਇੱਥੇ ਭਾਰਤ ਦੀ ਵਨਡੇ ਟੀਮ ਦੀ ਗੱਲ ਕੀਤੀ ਜਾਵੇ ਤਾਂ ਇਹ ਟੀ-20 ਤੋਂ ਬਦਲੀ ਹੋਈ ਹੈ। ਟੀਮ ਦੇ 6 ਖਿਡਾਰੀ ਬਦਲੇ ਹੋਏ ਹਨ। ਇਨ੍ਹਾਂ ਵਿੱਚ ਕਪਤਾਨ ਰੋਹਿਤ, ਵਿਰਾਟ, ਕੁਲਦੀਪ ਦੇ ਨਾਲ ਵਿਕਟਕੀਪਰ ਕੇ.ਐੱਲ ਰਾਹੁਲ, ਹਰਸ਼ਿਤ ਰਾਣਾ ਤੇ ਸ਼੍ਰੇਅਸ ਅਈਅਰ ਸ਼ਾਮਿਲ ਹਨ। ਰੋਹਿਤ ਤੇ ਕੋਹਲੀ ਦੋਵੇਂ 7 ਮਹੀਨਿਆਂ ਬਾਅਦ ਵਨਡੇ ਮੈਚ ਖੇਡਣਗੇ। ਦੋਹਾਂ ਨੇ 19 ਨਵੰਬਰ 2023 ਨੂੰ ਆਸਟ੍ਰੇਲੀਆ ਦੇ ਖਿਲਾਫ਼ ਵਨਡੇ ਵਿਸ਼ਵ ਕੱਪ ਫਾਈਨਲ ਦੇ ਰੂਪ ਵਿੱਚ ਆਖਰੀ ਵਨਡੇ ਖੇਡਿਆ ਸੀ।ਦੱਸ ਦੇਈਏ ਕਿ ਕੋਲੰਬੋ ਵਿੱਚ 148 ਵਨਡੇ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 80 ਮੈਚ ਪਹਿਲਾਂ ਬੱਲੇਬਾਜ਼ੀ ਤੇ 59 ਮੈਚਾਂ ਵਿੱਚ ਚੇਜ਼ ਕਰਨ ਵਾਲੀਆਂ ਟੀਮਾਂ ਨੂੰ ਸਫਲਤਾ ਮਿਲੀ। 9 ਮੈਚ ਬੇਨਤੀਜਾ ਵੀ ਰਹੇ। ਇਸ ਰਿਕਾਰਡ ਨੂੰ ਦੇਖਦੇ ਹੋਏ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਹੀ ਪਸੰਦ ਕਰੇਗੀ। ਹਾਲਾਂਕਿ, 2011 ਦੇ ਬਾਅਦ ਇਹ ਰਿਕਾਰਡ ਬਰਾਬਰੀ ਵੱਲ ਗਿਆ ਹੈ। 54 ਮੈਚਾਂ ਵਿੱਚੋਂ 26 ਵਨਡੇ ਚੇਜ਼ ਕਰਨ ਵਾਲੀਆਂ ਟੀਮਾਂ ਨੇ ਅਤੇ 25 ਵਨਡੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਕਿੱਤੇ, ਜਦਕਿ 3 ਮੈਚ ਬੇਨਤੀਜਾ ਰਹੇ।

    ਟੀਮਾਂ ਦੀ ਸੰਭਾਵਿਤ ਪਲੇਇੰਗ-11
    ਭਾਰਤ: ਰੋਹਿਤ ਸ਼ਰਮਾ(ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਰਿਯਾਨ ਪਰਾਗ/ਸ਼ਿਵਮ ਦੁਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ/ ਖਲੀਲ ਅਹਿਮਦ ਤੇ ਮੁਹੰਮਦ ਸਿਰਾਜ।

    ਸ਼੍ਰੀਲੰਕਾ: ਚਰਿਥ ਅਸਲੰਕਾ(ਕਪਤਾਨ), ਪਾਥੁਮ ਨਿਸੰਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡੀਸ(ਵਿਕਟਕੀਪਰ), ਸਦੀਰਾ ਸਮਰਵਿਕ੍ਰਮਾ, ਜਨਿਥ ਲਿਯਾਨਾਗੇ/ਕਮਿੰਡੁ ਮੈਂਡਿਸ, ਵਨਿੰਦੁ ਹਸਰੰਗਾ, ਚਮਿਕਾ ਕਰੁਣਾਰਤਨੇ, ਦੁਨਿਥ ਵੇਲਾਲਾਗੇ/ਅਕਿਲਾ ਧਨੰਜੇ, ਮਹੀਸ਼ ਤੀਕਸ਼ਨਾ ਤੇ ਅਸਿਥਾ ਫਰਨਾਂਡੋ।

    https://x.com/welcomepunjab/status/1819328867149967856