ਹਰਿਆਣਾ ਦੇ ਰੇਵਾੜੀ ‘ਚ ਇਕ ਔਰਤ ਨੇ ਅਪਣੇ ਪੁੱਤ ਅਤੇ ਧੀ ਨਾਲ ਮਿਲ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਔਰਤ ਅਤੇ ਉਸ ਦੀ ਬੇਟੀ ਦੀ ਮੌਤ ਹੋ ਗਈ, ਜਦਕਿ ਬੇਟੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

    ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤਿੰਨਾਂ ਨੇ ਜ਼ਹਿਰੀਲਾ ਪਦਾਰਥ ਕਿਉਂ ਨਿਗਲਿਆ। ਮੰਗਲਵਾਰ ਨੂੰ ਸਿਵਲ ਹਸਪਤਾਲ ‘ਚ ਮਾਂ-ਧੀ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

    ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰੇਵਾੜੀ ਸ਼ਹਿਰ ਦੇ ਨਾਰਨੌਲ ਰੋਡ ਸਥਿਤ ਰਾਓ ਤੁਲਾਰਾਮ ਵਿਹਾਰ ਦੀ ਰਹਿਣ ਵਾਲੀ ਅਨਿਲ ਕੁਮਾਰੀ (39) ਨੇ ਅਪਣੇ 12 ਸਾਲ ਦੇ ਬੇਟੇ ਅਤੇ 18 ਸਾਲ ਦੀ ਬੇਟੀ ਸਵੀਟੀ ਸਮੇਤ ਘਰ ‘ਚ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜ਼ਹਿਰੀਲਾ ਪਦਾਰਥ ਖਾਣ ਨਾਲ ਤਿੰਨਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਉਲਟੀਆਂ ਆਉਂਦੀਆਂ ਦੇਖ ਆਸ-ਪਾਸ ਦੇ ਲੋਕਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੂਚਿਤ ਕੀਤਾ।

    ਪਰਿਵਾਰਕ ਮੈਂਬਰਾਂ ਨੇ ਤਿੰਨਾਂ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿਥੋਂ ਤਿੰਨਾਂ ਨੂੰ ਤੁਰੰਤ ਰੈਫਰ ਕਰ ਦਿਤਾ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲੇ ਤਿੰਨਾਂ ਨੂੰ ਸ਼ਹਿਰ ਦੇ ਇਕ ਹੋਰ ਹਸਪਤਾਲ ਲੈ ਗਏ, ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਅਨਿਲ ਕੁਮਾਰੀ ਅਤੇ ਉਸ ਦੀ ਬੇਟੀ ਸਵੀਟੀ ਨੂੰ ਮ੍ਰਿਤਕ ਐਲਾਨ ਦਿਤਾ। ਪੁੱਤਰ ਦਾ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਰਾਮਪੁਰਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ।

    ਪਰਿਵਾਰ ਮੁਤਾਬਕ ਅਨਿਲ ਕੁਮਾਰੀ ਦੇ ਪਤੀ ਦੀ ਵੀ ਕਰੀਬ ਢਾਈ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ। ਹਾਲਾਂਕਿ ਅਨਿਲ ਕੁਮਾਰੀ ਅਤੇ ਉਸ ਦੇ ਬੱਚਿਆਂ ਵਲੋਂ ਜ਼ਹਿਰ ਨਿਗਲਣ ਦਾ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਹੈ। ਦਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਘਰ ‘ਚ ਸਿਰਫ ਇਹ ਤਿੰਨ ਲੋਕ ਹੀ ਮੌਜੂਦ ਸਨ।