ਮੋਹਾਲੀ ਦੇ ਪਿੰਡ ਨਯਾਗਾਓਂ ’ਚ ਲੁੱਟ ਦੀ ਨੀਅਤ ਨਾਲ ਨੌਜਵਾਨ ਦਾ ਕਤਲ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ’ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਯਾਗਾਓਂ ਦੇ ਵਿਕਾਸ ਨਗਰ ’ਚ ਪੁਲਿਸ ਨੂੰ ਇਕ ਲਾਸ਼ ਬਰਾਮਦ ਹੋਈ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਆਕਾਸ਼ ਵਾਸੀ ਸਫੇਦਾ ਕਲੋਨੀ, ਨਯਾਗਾਓਂ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ।ਪੁਲਿਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਅਸ਼ੀਸ਼ ਹਿਮਾਚਲ ਦਾ ਰਹਿਣ ਵਾਲਾ ਸੀ। ਉਹ ਆਪਣੇ ਕੰਮ ਤੋਂ ਵਾਪਸ ਨਯਾਗਾਓਂ ਜਾ ਰਿਹਾ ਸੀ। ਇਸੇ ਦੌਰਾਨ ਵਿਕਾਸ ਨਗਰ ’ਚ ਆਕਾਸ਼ ਅਤੇ ਉਸ ਦੇ ਸਾਥੀ ਕਰਨ ਨੇ ਉਸ ਨੂੰ ਲੁੱਟਣ ਦੀ ਯੋਜਨਾ ਬਣਾ ਕੇ ਉਸ ਨੂੰ ਘੇਰ ਲਿਆ। ਇਸ ਦੌਰਾਨ ਤਿੰਨਾਂ ਵਿਚਾਲੇ ਤਕਰਾਰ ਅਤੇ ਹੱਥੋਪਾਈ ਹੋ ਗਈ। ਗੁੱਸੇ ’ਚ ਆਕਾਸ਼ ਅਤੇ ਕਰਨ ਨੇ ਆਸ਼ੀਸ਼ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋਵੇਂ ਦੋਸ਼ੀ ਡਰ ਗਏ ਅਤੇ ਉਥੋਂ ਭੱਜ ਗਏ।ਪੁਲਿਸ ਨੂੰ ਮੌਕੇ ’ਤੇ ਮ੍ਰਿਤਕ ਦਾ ਮੋਬਾਈਲ ਫੋਨ ਮਿਲਿਆ, ਪਰ ਉਸ ਵਿੱਚ ਸਿਮ ਕਾਰਡ ਨਹੀਂ ਸੀ। ਫੋਨ ਤੋਂ ਡਾਇਲ ਕੀਤੇ ਗਏ ਨੰਬਰਾਂ ਨੇ ਪੁਲਿਸ ਨੂੰ ਮਾਮਲੇ ਦੀ ਜਾਂਚ ਵਿੱਚ ਮਦਦ ਕੀਤੀ। ਪੁਲਿਸ ਨੇ ਆਸ਼ੀਸ਼ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਸੀ। ਮ੍ਰਿਤਕ ਆਸ਼ੀਸ਼ ਕਸਬਾ ਨਯਾਗਾਂਓ ’ਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ।
ਪੁਲਿਸ ਨੇ ਉਸ ਦੇ ਸਾਥੀ ਪ੍ਰਾਪਰਟੀ ਡੀਲਰ ਤੋਂ ਵੀ ਪੁੱਛਗਿੱਛ ਕੀਤੀ। ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਉਸ ਦੀ ਛਾਤੀ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ। ਇਸ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।