ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ, ਇਸਦੀ ਜਾਣਕਾਰੀ ਬੁੱਧਵਾਰ ਨੂੰ ਮਿਲ ਜਾਵੇਗੀ। ਬੁੱਧਵਾਰ ਸ਼ਾਮ ਨੂੰ ਭਾਜਪਾ ਦੇ 48 ਨਵੇਂ ਚੁਣੇ ਵਿਧਾਇਕਾਂ ਦੀ ਬੈਠਕ ਹੋਵੇਗੀ, ਜਿਸ ਵਿਚ ਵਿਧਾਇਕ ਦਲ ਦੇ ਆਗੂ ਦੀ ਚੋਣ ਹੋਵੇਗੀ। ਉਸ ਤੋਂ ਬਾਅਦ ਉਪਰਾਜਪਾਲ ਵੀਕੇ ਸਕਸੈਨਾ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਵੀਰਵਾਰ ਦੁਪਹਿਰ ਰਾਮਲੀਲਾ ਮੈਦਾਨ ’ਚ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੇ ਹੋਰ ਛੇ ਮੈਂਬਰ ਸਹੁੰ ਚੁੱਕਣਗੇ। ਰਾਮਲੀਲਾ ਮੈਦਾਨ ’ਚ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਨੂੰ ਲੈ ਕੇ ਭਾਜਪਾ ਆਗੂਆਂ ਨੇ ਉਪਰਾਜਪਾਲ ਨਾਲ ਵੀ ਮੁਲਾਕਾਤ ਕੀਤੀ।

    ਉਧਰ, ਭਾਜਪਾ ਵਿਧਾਇਕ ਦਲ ਦੀ ਬੈਠਕ ਲਈ ਰਾਸ਼ਟਰੀ ਲੀਡਰਸ਼ਿਪ ਨੇ ਹੁਣ ਤੱਕ ਕੋਈ ਆਬਜ਼ਰਵਰ ਨਿਯੁਕਤ ਨਹੀਂ ਕੀਤਾ। ਆਗੂਆਂ ਦਾ ਕਹਿਣਾ ਹੈ ਕਿ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਬੁੱਧਵਾਰ ਸਵੇਰੇ ਆਬਜ਼ਰਵਰ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਹੁੰ ਚੁੱਕ ਸਮਾਗਮ ਦੀ ਜ਼ਿੰਮੇਵਾਰੀ ਸੰਭਾਲ ਰਹੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਤਰੁਣ ਚੁਘ ਨਾਲ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵਿਰੇਂਦਰ ਸਚਦੇਵਾ ਨੇ ਰਾਮਲੀਲਾ ਮੈਦਾਨ ਦਾ ਨਿਰੀਖਣ ਕੀਤਾ। ਉਸ ਤੋਂ ਬਾਅਦ ਸੂਬਾਈ ਦਫਤਰ ’ਚ ਉਨ੍ਹਾਂ ਦੀ ਬੈਠਕ ਹੋਈ, ਜਿਸ ਵਿਚ ਰਾਸ਼ਟਰੀ ਸੰਗਠਨ ਮਹਾਮੰਤਰੀ ਬੀਐੱਲ ਸੰਤੋਸ਼ ਵੀ ਸ਼ਾਮਲ ਹੋਏ। ਮੀਟਿੰਗ ਮਗਰੋਂ ਤਾਵੜੇ, ਚੁਘ ਤੇ ਸਚਦੇਵਾ ਉਪਰਾਜਪਾਲ ਨੂੰ ਮਿਲੇ। ਚੁਘ ਨੇ ਕਿਹਾ ਕਿ ਉਪਰਾਜਪਾਲ ਵੀ.ਕੇ. ਸਕਸੈਨਾ ਤਿਆਰੀਆਂ ਦੀ ਦੇਖ-ਰੇਖ ਕਰ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ, ਭਾਜਪਾ ਦੇ ਅਹੁਦੇਦਾਰ ਤੇ ਹੋਰ ਆਗੂ, ਐੱਨਡੀਏ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਸਾਧੂ ਸੰਤ, ਭਾਜਪਾ ਵਰਕਰ, ਸਫਾਈ ਮੁਲਾਜ਼ਮਾਂ ਦੇ ਨਾਲ ਵੱਖ-ਵੱਖ ਇਲਾਕਿਆਂ ਦੇ ਖ਼ਾਸ ਲੋਕ ਸ਼ਾਮਲ ਹੋਣਗੇ।