ਹੋਸ਼ਿਆਰਪੁਰ ਦੇ ਮੁਕੇਰੀਆਂ ਹਲਕੇ ਦੇ ਹਾਜੀਪੁਰ ਕਸਬੇ ‘ਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਰਾਤ 10 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕੰਢੇ ਖੜ੍ਹੇ 4 ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ। ਮ੍ਰਿਤਕਾਂ ਵਿੱਚ 2 ਨੰਨੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਹਾਜੀਪੁਰ ਦੇ ਬਾਲਮੀਕੀ ਮੋਹੱਲੇ ਵਾਸੀ ਗੋਰਾ ਆਪਣੀ ਸਕੂਟੀ ‘ਤੇ ਆਪਣੇ 5 ਸਾਲਾ ਭਤੀਜੇ ਸਮੀਰ ਤੇ 3 ਸਾਲਾ ਭਤੀਜੀ ਪਰੀ ਨੂੰ ਨਾਲ ਲੈ ਕੇ ਗੋਲਗੱਪੇ ਖਾ ਕੇ ਵਾਪਸ ਆ ਰਿਹਾ ਸੀ। ਰਾਹ ‘ਚ ਆਪਣੇ ਦੋਸਤ ਆਕਾਸ਼ ਕੋਲ ਰੁਕ ਗਿਆ। ਚਾਰੇ ਸੜਕ ਕੰਢੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਰੌਂਦ ਦਿੱਤਾ। ਹਾਦਸੇ ਵਿੱਚ ਆਕਾਸ਼, ਪਰੀ ਅਤੇ ਸਮੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੋਰਾ ਗੰਭੀਰ ਜਖ਼ਮੀ ਹੋ ਗਿਆ ਜਿਸਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੇ ਸ਼ਵ ਦਸੂਹਾ ਦੇ ਸਿਵਲ ਹਸਪਤਾਲ ‘ਚ ਰਖਵਾਏ ਗਏ ਹਨ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਹਾਜੀਪੁਰ ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।