ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ): ਭੋਲੇ ਭਾਲੇ ਲੋਕਾਂ ਦੀ ਮਾਸੂਮੀਅਤ ਅਤੇ ਇਮਾਨਦਾਰੀ ਨੂੰ ਲੈਕੇ ਆ ਰਹੀ ਪੰਜਾਬੀ ਫੀਚਰ ਫਿਲਮ “ਜੇ ਪੈਸਾ ਬੋਲਦਾ ਹੁੰਦਾ” ਦੀ ਟੀਮ ਅੱਜ ਏਥੇ ਸਤਲੁਜ ਪ੍ਰੈੱਸ ਵਿਖੇ ਪੁੱਜੀ ਜਿੱਥੇ ਓਹਨਾ ਫ਼ਿਲਮ ਬਾਬਤ ਅਤੇ ਜ਼ਿੰਦਗੀ ਦੇ ਕਿੱਸੇ ਸ਼ੇਅਰ ਕੀਤੇ। ਫਿਲਮ ਦੀ ਪ੍ਰਮੋਸ਼ਨ ਲਈ ਪੁੱਜੀ ਟੀਮ ਵਿਚ ਪ੍ਰਸਿੱਧ ਗਾਇਕ ਅਦਾਕਾਰ ਹਰਦੀਪ ਗਰੇਵਾਲ ( ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਐ – ਫੇਮ), ਅਦਾਕਾਰਾ ਇਹਾਨਾ ਢਿੱਲੋਂ, ਰਾਜ ਧਾਲੀਵਾਲ, ਨਿਰਦੇਸ਼ਕ ਮਨਪ੍ਰੀਤ ਬਰਾੜ ਅਤੇ ਹਰਿੰਦਰ ਭੁੱਲਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਹਰਦੀਪ ਗਰੇਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਓਹਨਾ ਦੀ ਤੀਜੀ ਪੰਜਾਬੀ ਫਿਲਮ ਹੈ ਅਤੇ ਹਰ ਵਾਰ ਦੀ ਤਰ੍ਹਾਂ ਓਹਨਾ ਇਸ ਫਿਲਮ ਲਈ ਵੀ ਪੂਰੀ ਮੇਹਨਤ ਕੀਤੀ ਹੈ। ਇਸ ਮੌਕੇ ਹਰਦੀਪ ਗਰੇਵਾਲ ਨੇ ਆਪਣਾ ਪ੍ਰਸਿੱਧ ਗੀਤ ‘ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ‘ ਵੀ ਗਾਇਆ। ਅਦਾਕਾਰਾ ਇਹਾਨਾ ਢਿੱਲੋਂ ਨੇ ਕਿਹਾ ਕਿ ਓਹ ਫ਼ਿਲਮ ਦੇ ਨਿਰਮਾਤਾ ਵੀ ਹਨ ਅਤੇ ਓਹਨਾ ਨੇ ਇਸ ਫਿਲਮ ਵਿਚ ਪਿਛਲੇ ਕੰਮਾਂ ਨਾਲੋਂ ਵੱਖਰਾ ਕੀਤਾ ਹੈ ਜੋ ਲੋਕਾਂ ਨੂੰ ਪਸੰਦ ਆਵੇਗਾ। 80 ਦੇ ਕਰੀਬ ਫ਼ਿਲਮਾਂ ਕਰ ਚੁੱਕੀ ਰਾਜ ਧਾਲੀਵਾਲ ਨੇ ਵੀ ਫ਼ਿਲਮ ਬਾਰੇ ਆਪਣੇ ਤਜ਼ੁਰਬੇ ਸਾਂਝੇ ਕੀਤੇ। ਫਿਲਮ ਦੇ ਨਿਰਦੇਸ਼ਕ ਮਨਪ੍ਰੀਤ ਬਰਾੜ ਨੇ ਕਿਹਾ ਕਿ ‘ਜੇ ਪੈਸਾ ਬੋਲਦਾ ਹੁੰਦਾ’ ਓਹਨਾ ਦੀ ਚੌਥੀ ਫਿਲਮ ਹੈ ਜੋ 23 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਰਾੜ ਨੇ ਕਿਹਾ ਕਿ ਇਸ ਫਿਲਮ ਵਾਸਤੇ ਓਹਨਾ ਨੇ ਦਿਨ ਰਾਤ ਇੱਕ ਕੀਤਾ ਹੈ ਅਤੇ ਆਸ ਹੈ ਕਿ ਫਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰੀ ਉੱਤਰੇਗੀ। ਫਿਲਮ ਦੀ ਕਹਾਣੀ ਅਮਨ ਸਿੱਧੂ ਨੇ ਲਿਖੀ ਹੈ ਅਤੇ ਪ੍ਰੋਡਿਊਸਰ ਇਹਾਨਾ ਢਿੱਲੋਂ ਅਤੇ ਸਰਬਜੀਤ ਬਾਸੀ ਹਨ। ਉਕਤ ਅਦਾਕਾਰਾਂ ਤੋਂ ਇਲਾਵਾ ਫ਼ਿਲਮ ਵਿਚ ਮਿੰਟੂ ਕਾਪਾ, ਸੁਖਵਿੰਦਰ ਰਾਜ, ਮਲਕੀਤ ਰੌਣੀ, ਜੱਗੀ ਧੂਰੀ ਆਦਿ ਨੇ ਭੂਮਿਕਾਵਾਂ ਨਿਭਾਈਆਂ ਹਨ। ਗੀਤ ਸਵ. ਸੁਰਜੀਤ ਬਿੰਦਰਖੀਆ, ਹਰਦੀਪ ਗਰੇਵਾਲ, ਜਾਵੇਦ ਅਲੀ ਅਤੇ ਸੁਲਤਾਨਾ ਨੇ ਗਾਏ ਹਨ।