ਪੰਜਾਬ ਵਿਚ ਸੜਕੀ ਹਾਦਸੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇਕ ਹਾਦਸਾ ਪਠਾਨਕੋਟ ਦੇ ਸ਼ਾਹਪੁਰ ਕੰਢੀ ਨੇੜੇ ਵਾਪਰਿਆ ਹੈ ਜਿਥੇ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਰਕੇ 2 ਨੌਜਵਾਨਾਂ ਵਿਚੋਂ ਇਕ ਦੀ ਦਰਦਨਾਕ ਮੌਤ ਹੋ ਚੁੱਕੀ ਹੈ।ਜਾਣਕਾਰੀ ਮੁਤਾਬਕ 2 ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਕੰਮ ਤੋਂ ਘਰ ਨੂੰ ਵਾਪਸ ਜਾ ਰਹੇ ਸਨ ਕਿ ਸ਼ਾਹਪੁਰ ਕੰਢੀ ਨੇੜੇ ਬੈਰੀਅਰ ਨੰਬਰ 2 ‘ਤੇ ਪਹੁੰਚੇ ਤਾਂ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਜੋਇਬ ਵਜੋਂ ਹੋਈ ਹੈ। ਦੋਵੇਂ ਦੋਸਤ ਜੁਗਿਆਲ ਤੋਂ ਵਾਪਸ ਘਰ ਨੂੰ ਪਰਤ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਗਿਆ ਹੈ ਤੇ ਇਸ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਹਾਲਾਂਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਟਰੱਕ ਡਰਾਈਵਰ ਨੂੰ ਫੜ ਲਿਆ ਜਾਵੇਗਾ।