ਜਲੰਧਰ ‘ਚ ਜ਼ਮੀਨੀ ਵਿਵਾਦ ਕਾਰਨ ਪਿੰਡ ਈਸਾਪੁਰ ‘ਚ ਇਕ ਔਰਤ ਨੇ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਮਕਸੂਦਾਂ ਥਾਣਾ ਖੇਤਰ ਦੇ ਪਿੰਡ ਈਸਾਪੁਰ ਨਹਿਰ ਨੇੜੇ ਵਾਪਰੀ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਦਾ ਕਾਫ਼ੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਜਦੋਂ ਔਰਤ ਨੇ ਖ਼ੁਦ ਨੂੰ ਅੱਗ ਲਾਈ ਤਾਂ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਥਾਣਾ ਮਕਸੂਦਾ ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਕਾਫ਼ੀ ਵੱਧ ਗਿਆ ਸੀ ਅਤੇ ਦੋਵੇਂ ਧਿਰਾਂ ਜ਼ਮੀਨ ’ਤੇ ਆਪਣਾ ਹੱਕ ਪ੍ਰਗਟਾਉਂਦੀਆਂ ਰਹੀਆਂ ਸਨ। ਮੰਗਲਵਾਰ ਸ਼ਾਮ ਕਰੀਬ 4.30 ਵਜੇ ਔਰਤ ਸੁਰਜੀਤ ਕੌਰ ਪਤਨੀ ਮਰਹੂਮ ਸੁਰਤੀ ਵਾਸੀ ਈਸਾਪੁਰ ਜਲੰਧਰ ਨੇ ਦੱਸਿਆ- ਉਸ ਦਾ ਜ਼ਮੀਨ ‘ਚ ਹਿੱਸਾ ਹੈ, ਜੋ ਉਸ ਨੂੰ ਨਹੀਂ ਮਿਲ ਰਿਹਾ।ਦੂਜੀ ਧਿਰ ਦਾ ਕਰਨੈਲ ਸਿੰਘ 6-7 ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਟਰੈਕਟਰ ਲੈ ਕੇ ਜ਼ਮੀਨ ‘ਤੇ ਜਬਰੀ ਬੀਜਣ ਲਈ ਆਇਆ ਸੀ। ਸੁਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਉਸ ਨੇ ਦੱਸਿਆ ਕਿ ਇਸ ਕਾਰਨ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਉਸ ਨੇ ਖੇਤਾਂ ‘ਚ ਜਾ ਕੇ ਨੇੜੇ ਹੀ ਖੜ੍ਹ ਕੇ ਆਪਣੇ ਆਪ ਨੂੰ ਅੱਗ ਲਗਾ ਲਈ, ਜੋ ਤੇਜ਼ੀ ਨਾਲ ਫੈਲ ਗਈ। ਔਰਤ ਨੇ ਖੇਤਾਂ ‘ਚ ਪਈ ਮਿੱਟੀ ਨਾਲ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ।
ਅਖ਼ੀਰ ਔਰਤ ਨੇ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਦਿੱਤੀ, ਜਿਸ ਨਾਲ ਅੱਗ ਬੁਝ ਗਈ। ਜ਼ਖਮੀ ਸੁਰਜੀਤ ਕੌਰ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਸੁਰਜੀਤ ਕੌਰ ਦਾ ਹਾਲ-ਚਾਲ ਜਾਣਨ ਅਤੇ ਉਸ ਦੇ ਬਿਆਨ ਲੈਣ ਲਈ ਸਿਵਲ ਹਸਪਤਾਲ ਪਹੁੰਚੀ।