ਅਮਰੀਕਾ ’ਚ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ’ਤੇ ਪਾਬੰਦੀ ਲਗਾਉਣ ਵਾਲੇ ਸੰਘੀ ਕਾਨੂੰਨ ਦੇ ਲਾਗੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਹੀ ਟਿਕਟਾਕ ਨੂੰ ਬੰਦ ਕਰ ਦਿਤਾ ਗਿਆ। ਐਪ ਨੂੰ ਸਨਿਚਰਵਾਰ ਨੂੰ ਬੰਦ ਕਰ ਦਿਤਾ ਗਿਆ ਸੀ। ਐਪ ਖੋਲ੍ਹਣ ’ਤੇ ਅਮਰੀਕੀਆਂ ਨੂੰ ਇਕ ਸੰਦੇਸ਼ ਮਿਲਿਆ, ਜਿਸ ’ਚ ਲਿਖਿਆ ਸੀ, ‘‘ਅਮਰੀਕਾ ’ਚ ਟਿਕਟਾਕ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਹੋ ਗਿਆ ਹੈ।
ਇਸ ਦਾ ਮਤਲਬ ਹੈ ਕਿ ਬਦਕਿਸਮਤੀ ਨਾਲ ਤੁਸੀਂ ਹੁਣ ਟਿਕਟਾਕ ਦੀ ਵਰਤੋਂ ਨਹੀਂ ਕਰ ਸਕੋਂਗੇ।’’ ਸੰਦੇਸ਼ ’ਚ ਅੱਗੇ ਲਿਖਿਆ ਸੀ, ‘‘ਅਸੀਂ ਖੁਸ਼ਕਿਸਮਤ ਹਾਂ ਕਿ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿਤਾ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ ਟਿਕਟਾਕ ਨੂੰ ਬਹਾਲ ਕਰਨ ਲਈ ਸਾਡੇ ਨਾਲ ਮਿਲ ਕੇ ਕੰਮ ਕਰਨਗੇ। ਉਦੋਂ ਤਕ ਸਾਡੇ ਨਾਲ ਰਹੋ।’’
ਬਾਈਡਨ ਪ੍ਰਸ਼ਾਸਨ ਨੇ ਟਿਕਟਾਕ ਨੂੰ ਬੰਦ ਕਰਨ ਦੀ ਧਮਕੀ ਨੂੰ ਸਟੰਟ ਦੱਸ ਕੇ ਖਾਰਜ ਕਰ ਦਿਤਾ, ਜਦਕਿ ਟਿਕਟਾਕ ਨੇ ਕਿਹਾ ਕਿ ਉਸ ਕੋਲ ਸਪੱਸ਼ਟ ਭਰੋਸਾ ਦਿਤੇ ਬਿਨਾਂ ਅਮਰੀਕਾ ਵਿਚ ਅਪਣੀਆਂ ਸੇਵਾਵਾਂ ਮੁਅੱਤਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।
ਮੁਲਾਜ਼ਮਾਂ ਨੂੰ ਭੇਜੀ ਗਈ ਇਕ ਅੰਦਰੂਨੀ ਈਮੇਲ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਟਿਕਟਾਕ ਨੂੰ ਬਹਾਲ ਕਰਨ ਦੇ ਹੱਲ ’ਤੇ ਕੰਮ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਟਿਕਟਾਕ ਨੇ ਭਰੋਸਾ ਦਿਤਾ ਕਿ ਟੀਮਾਂ ਜਲਦੀ ਤੋਂ ਜਲਦੀ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਲਈ ਕੰਮ ਕਰ ਰਹੀਆਂ ਹਨ।