ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉਪਰ ਬਿਠਾ ਕੇ ਸ਼ਹੀਦ ਕੀਤਾ ਗਿਆ, ਉੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਧਰਮ ਕੌਮ ਲਈ ਕੁਰਬਾਨ ਹੋ ਗਏ। ਮੁਗ਼ਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਸਿੱਖ ਧਰਮ ਦੇ ਬੱਚੇ ਅਤੇ ਇਸਤਰੀਆਂ ਬਣੇ। ਆਧੁਨਿਕ ਕਾਲ ਤਕ ਸਿੱਖਾਂ ਨੇ ਦੇਸ਼-ਕੌਮ ਲਈ ਸਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ। ਸੰਸਾਰ ਵਿਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿਚ ਕਿਧਰੇ ਨਹੀਂ ਮਿਲਦੀ। ਸਿੱਖ ਇਤਿਹਾਸ ਸਿੱਖ ਸ਼ਹੀਦਾਂ, ਸੂਰਬੀਰਾਂ ਅਤੇ ਯੋਧਿਆਂ ਦੇ ਖ਼ੂਨ ਨਾਲ ਸਿਰਜਿਆ, ਉਹ ਇਤਿਹਾਸ ਹੈ ਜਿਹੜਾ ਸਮੁੱਚੇ ਵਿਸ਼ਵ ਵਿਚ ਅਪਣੀ ਮਿਸਾਲ ਆਪ ਹੀ ਹੈ।

ਇਤਿਹਾਸ ਕੌਮਾਂ ਦੀ ਹੋਂਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਇਤਿਹਾਸ ਹੀ ਹੈ ਜੋ ਕੌਮਾਂ ਨੂੰ ਸਦੀਆਂ ਤਕ ਜ਼ਿੰਦਾ ਰਖਦਾ ਹੈ। ਪੋਹ (ਦਸੰਬਰ) ਦਾ ਮਹੀਨਾ ਸਿੱਖ ਧਰਮ ਦੇ ਇਤਿਹਾਸ ਵਿਚ ਬਹੁਤ ਹੀ ਮਹੱਤਵ ਰਖਦਾ ਹੈ, ਜੋ ਵਾਰ-ਵਾਰ ਸਾਨੂੰ ਜਿਥੇ ਅਪਣੇ ਇਤਿਹਾਸ ਦੇ ਉਨ੍ਹਾਂ ਪੰਨਿਆਂ ਦੀ ਯਾਦ ਦਿਵਾਉਂਦਾ ਹੈ, ਜੋ ਸ਼ਹਾਦਤਾਂ ਨਾਲ ਭਰੇ ਹੋਏ ਹਨ। ਉਸ ਦੇ ਨਾਲ ਹੀ ਸਾਨੂੰ ਉਨ੍ਹਾਂ ਦੀ ਕੀਮਤੀ ਯਾਦ ਨੂੰ ਸਾਡੇ ਚੇਤਿਆਂ ਵਿਚ ਸਦਾ ਤਾਜ਼ਾ ਕਰਾਉਂਦਾ ਰਹਿੰਦਾ ਹੈ, ਜੋ ਗੁਰੂਆਂ ਦੀ ਬਖ਼ਸ਼ਿਸ਼ ਨਾਲ ਸਾਡਾ ਵਿਰਸਾ ਬਣੀਆਂ ਹਨ। ਹਰ ਸਾਲ ਦਸੰਬਰ ਦੇ ਮਹੀਨੇ ਵਿਚ, ਪਿਛਲੇ ਲਗਭਗ 300 ਸਾਲ ਪਹਿਲਾਂ ਸਿੱਖ ਕੌਮ ਉੱਤੇ ਵਾਪਰੇ ਭਿਆਨਕ ਦਿਨਾਂ ਦੀ ਯਾਦ ਵਿਚ, ਪੰਜਾਬ ਦੀਆਂ ਅਨੇਕਾਂ ਥਾਵਾਂ ਉੱਤੇ ਸ਼ਹਾਦਤਾਂ ਨੂੰ ਸਪਰਪਤ ‘ਸ਼ਹੀਦੀ ਸਮਾਗਮ’ (ਸ਼ਹੀਦੀ ਜੋੜ-ਮੇਲ) ਕਰਵਾਏ ਜਾਂਦੇ ਹਨ। ਦੇਸੀ ਮਹੀਨੇ ਪੋਹ ਦੀਆਂ ਯਖ਼ ਠੰਢੀਆਂ ਰਾਤਾਂ ਵਿਚ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਸਮੁੱਚਾ ਪ੍ਰਵਾਰ ਅਤੇ ਸਿੰਘਾਂ ਨੇ ਅਪਣੀ ਜਾਨ ’ਤੇ ਖੇਡਦੇ ਹੋਏ ਇਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ ਕਿ ਦੁਨੀਆਂ ਦੇ ਇਤਿਹਾਸ ਵਿਚ ਅਜਿਹੀ ਅਦੁਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ। ਸਿੱਖ ਇਤਿਹਾਸ ਦੇ ਇਨ੍ਹਾਂ ਖ਼ੂਨੀ ਪਤਰਿਆਂ ਦਾ ਇਹ ਸਫ਼ਰ 6 ਪੋਹ ਤੋਂ ਲੈ ਕੇ 12 ਪੋਹ (21 ਤੋਂ 27 ਦਸੰਬਰ 1704 ਈਸਵੀ) ਤਕ ਦੇ ਉਹ ਭੀਆਵਲੇ ਦਿਨ ਤੇ ਰਾਤਾਂ ਹਨ, ਜਿਨ੍ਹਾਂ ਵਿਚ ਸਿਦਕ, ਸਬਰ ਅਤੇ ਸ਼ਹਾਦਤ ਦੀ ਇਕ ਅਨੂਠੀ ਇਬਾਰਤ ਲਿਖੀ ਗਈ ਹੈ।

    6-7 ਪੋਹ ਬਿਕ੍ਰਮੀ ਸੰਮਤ 1762 ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੇ ਵਸਾਏ ਚੱਕ ਨਾਨਕੀ (ਅਨੰਦਪੁਰ ਸਾਹਿਬ) ਨੂੰ ਅਲਵਿਦਾ ਆਖੀ। 1704 ਈਸਵੀ ਵਿਚ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਸਾਂਝੀ ਕਮਾਨ ਹੇਠ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਸੀ। ਮਈ 1704 ਤੋਂ 19 ਦਸੰਬਰ 1704 ਤਕ ਘੇਰਾ ਲੰਮਾ ਹੋਣ ’ਤੇ ਦੁਸ਼ਮਣ ਵਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਪਹਾੜੀ ਰਾਜਿਆਂ ਨੇ ਅਪਣੇ ਦੇਵਤਿਆਂ ਦੀ ਸਹੁੰ ਖਾਧੀ। ਸਮਝੌਤੇ ਦੀ ਸ਼ਰਤ ਇਹ ਸੀ ਕਿ ਜੇ ਗੁਰੂ ਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਣ ਤਾਂ ਉਨ੍ਹਾਂ ’ਤੇ ਹਮਲਾ ਨਹੀਂ ਕੀਤਾ ਜਾਵੇਗਾ। ਦਿਤੇ ਬਚਨਾਂ ਅਤੇ ਕੀਤੇ ਕਰਾਰਾਂ ਉੱਤੇ ਯਕੀਨ ਕਰ ਕੇ ਦਸ਼ਮੇਸ਼ ਪਿਤਾ ਜੀ ਨੇ ਕਿਲ੍ਹਾ ਖ਼ਾਲੀ ਕਰ ਦਿਤਾ। ਗੁਰੂ ਜੀ ਦੇ ਕਿਲ੍ਹਾ ਖ਼ਾਲੀ ਕਰਨ ਦੀ ਦੇਰ ਸੀ ਕਿ ਅਜੇ ਗੁਰੂ ਜੀ ਅਪਣੇ ਪ੍ਰਵਾਰ ਤੇ ਸਿੱਖ ਫ਼ੌਜਾਂ ਸਮੇਤ ਆਨੰਦਪੁਰੀ ਨੂੰ ਛੱਡ ਕੇ (ਕੀਰਤਪੁਰ ਵੀ ਨਹੀਂ ਪਹੁੰਚੇ ਸਨ।) ਕੱੁਝ ਦੂਰੀ ਉੱਤੇ ਹੀ ਪਹੁੰਚੇ ਸਨ ਕਿ ਦੁਸ਼ਮਣ ਫ਼ੌਜਾਂ ਨੇ ਸੱਭ ਕਸਮਾਂ-ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿਤਾ। ਇਹ ਧਰਮਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ। ਬੇਈਮਾਨੀ, ਵਾਅਦਾ-ਖ਼ਿਲਾਫ਼ੀ, ਚੰਗੇਜ਼ੀ ਅਤੇ ਦਰਿੰਦਗੀ ਦਾ ਘਿਨੌਣਾ ਕਾਰਾ ਸੀ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ, ਜਿਸ ਦੌਰਾਨ ਦੋਵਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਕ ਪਾਸੇ ਕੁਦਰਤ ਦਾ ਕਹਿਰ ਬਣ ਕੇ ਸਰਸਾ ਨਦੀ ਚੜ੍ਹ ਆਈ ਤੇ ਦੂਜੇ ਪਾਸੇ ਦੁਸ਼ਮਣ। ਇਸ ਜੰਗ ਵਿਚ ਦਸ਼ਮੇਸ਼ ਪਿਤਾ ਜੀ ਦਾ ਪੂਰਾ ਪ੍ਰਵਾਰ ਖੇਰੂੰ-ਖੇਰੂੰ ਹੋਇਆ ਤੇ ਸੈਂਕੜੇ ਸਿੰਘ ਸ਼ਹੀਦ ਹੋ ਗਏ।

    7 ਪੋਹ ਦੀ ਸਵੇਰੇ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪ੍ਰਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਮਾਤਾ ਸੁੰਦਰੀ ਜੀ (ਜੀਤੋ ਜੀ) ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਆ ਗਏ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਇਕ ਪਾਸੇ ਵੱਖ ਹੋ ਗਏ। ਜਿਥੋਂ ਗੁਰੂ ਸਾਹਿਬ ਦੇ ਕਾਫ਼ਲੇ ਨਾਲੋਂ ਗੁਰੂ-ਪ੍ਰਵਾਰ ਵਿਛੜਿਆ, ਇਥੋਂ ਗੁਰੂ ਜੀ ਦਾ ਪ੍ਰਵਾਰ ਵਿਛੋੜਾ ਹੋਣ ਦਾ ਆਗਾਜ਼ ਹੋ ਗਿਆ ਸੀ।

    ਅੱਧੀ ਰਾਤ ਨੂੰ ਸੀ ਛੱਡਣੇ ਕਿਲ੍ਹੇ ਪੈ ਗਏ,
    ਜਿਨ੍ਹਾਂ ਕਿਲ੍ਹਿਆਂ ਉੱਤੇ ਸੀ ਰਾਜ ਤੇਰਾ।
    ਸਰਸਾ ਨਦੀ ਪਾਰ ਕਰ ਕੇ ਗੁਰੂ ਜੀ ਨੇ ਇਕ ਦਿਨ ਰੋਪੜ ਦੇ ਨੇੜੇ ਨਿਹੰਗ ਖ਼ਾਨ ਦੀ ਗੜ੍ਹੀ (ਕੋਟਲਾ ਨਿਹੰਗ ਖ਼ਾਨ) ਵਿਚ ਬਿਤਾਇਆ। ਰਾਤ ਨੂੰ ਅੱਗੇ ਚੱਲ ਪਏ, ਪਰ ਦੁਸ਼ਮਣ ਦੀਆਂ ਫ਼ੌਜਾਂ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿਤਾ। 7 ਪੋਹ ਨੂੰ ਦਸ਼ਮੇਸ਼ ਪਿਤਾ ਸ਼ਾਮ ਢਲਦਿਆਂ ਨੂੰ ਚਮਕੌਰ ਨਗਰ ਦੀ ਧਰਤੀ ’ਤੇ ਪਹੁੰਚ ਗਏ ਅਤੇ ਗੁਰੂ ਜੀ ਨੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਦਾਖ਼ਲ ਹੋ ਕੇ ਮੋਰਚਾਬੰਦੀ ਕਰ ਲਈ। ਗੁਰੂ ਜੀ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਤੇ ਪੰਜ ਪਿਆਰਿਆਂ ਸਮੇਤ ਚਾਲੀ ਕੁ ਸਿੰਘ ਸਨ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿਚ ਪ੍ਰਵੇਸ਼ ਕਰ ਕੇ ਕੁੱਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫ਼ੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਸੀ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਸੀ।

    ਦਿਨ ਚੜ੍ਹਿਆ, ਯੁੱਧ ਆਰੰਭ ਹੋ ਗਿਆ। ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਅਪਣਾ ਨਿਸ਼ਾਨਾ ਬਣਾਉ। ਇਸ ਜੰਗ ਵਿਚ ਲੱਖਾਂ ਦੀ ਗਿਣਤੀ ਵਿਚ ਮੁਗ਼ਲ ਸੈਨਾ ਨਾਹਰ ਖ਼ਾਂ, ਸੈਦ ਖ਼ਾਂ, ਜ਼ਬਰਦਸਤ ਖ਼ਾਂ ਇਤਿਆਦਿਕ ਦੀ ਨਿਗਰਾਨੀ ਵਿਚ ਇਹ ਫ਼ੌਜਾਂ ਚਮਕੌਰ ਦੀ ਗੜ੍ਹੀ ’ਤੇ ਚੜ੍ਹ ਕੇ ਆਈਆਂ ਸਨ। ਮੁਗ਼ਲ ਸਰਦਾਰ ਨਾਹਰ ਖ਼ਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ। ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿਤਾ। ਨਾਹਰ ਖ਼ਾਂ ਨੂੰ ਦੇਖ ਗੁਲਸ਼ੇਰ ਖ਼ਾਂ, ਖਿਜ਼ਰ ਖ਼ਾਂ ਅੱਗੇ ਨੂੰ ਵਧਿਆ ਪਰ ਗੁਰੂ ਜੀ ਦੇ ਤੀਰਾਂ ਦੀ ਮਾਰ ਨਾ ਝੱਲ ਸਕਿਆ। ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖ਼ੂਨ ਨਾਲ ਰੰਗੀ ਗਈ। ਗੜ੍ਹੀ ਵਿਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਅਖ਼ੀਰ ਇਤਿਹਾਸ ਦੇ ਪੰਨਿਆਂ ਵਿਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗ਼ੀਧਰ ਪਿਤਾ ਜੀ ਨੇ ਧਰਮ-ਯੁੱਧ ਵਿਚ ਅਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ।

    ਕਰਬਲਾ ਦੇ ਮੈਦਾਨ ਵਿਚ ਹਸਨ ਹੁਸੈਨ ਦੀ ਸ਼ਹੀਦੀ ਤੋਂ ਇਲਾਵਾ ਦੁਨੀਆਂ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ, ਜਿੱਥੇ ਇਕ ਪਿਤਾ ਨੇ ਅਪਣੇ ਪੁੱਤਰਾਂ ਨੂੰ ਲੜਾਈ ਵਿਚ ਸ਼ਹੀਦ ਹੋਣ ਲਈ ਭੇਜਿਆ ਹੋਵੇ। ਲੇਕਿਨ, ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿਚ ਇਕ ਵੱਡਾ ਅੰਤਰ ਸੀ। ਕਰਬਲਾ ਦੀ ਜੰਗ ਵਿਚ ਦੋਵੇਂ ਫ਼ੌਜਾਂ ਬਰਾਬਰ ਦੀਆਂ ਸਨ। ਇਸ ਦੇ ਮੁਕਾਬਲੇ ‘ਚ ਚਮਕੌਰ ਦੀ ਜੰਗ ਦੁਨੀਆਂ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ। ਇਸ ਤਰ੍ਹਾਂ ਦੀ ਅਸਾਵੀਂ ਜੰਗ ਦੀਆਂ ਮਿਸਾਲਾਂ ਸਿੱਖ ਇਤਿਹਾਸ ਵਿਚ ਤਾਂ ਕੱੁਝ ਹੋਰ ਵੀ ਮਿਲਦੀਆਂ ਹਨ ਪਰ ਬਾਕੀ ਕੌਮਾਂ ਦੇ ਇਤਿਹਾਸ ਵਿਚ ਸ਼ਾਇਦ ਨਾਂਹ ਦੇ ਬਰਾਬਰ ਹਨ।

    8-9 ਪੋਹ ਨੂੰ ਚਮਕੌਰ ਦੀ ਧਰਤੀ ‘ਤੇ ਸਿੰਘਾਂ ਅਤੇ ਮੁਗ਼ਲਾਂ ਵਿਚਾਲੇ (ਘਮਸਾਨ ਦਾ ਯੁੱਧ ਹੋਇਆ) ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਵੀਂ ਜੰਗ ਲੜੀ ਗਈ। ਇਕ ਪਾਸੇ ਚਾਲੀ ਦੇ ਕਰੀਬ ਭੁੱਖੇ ਭਾਣੇ ਤੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਅਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਅਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਇਸ ਜੰਗ ਵਿਚ ਇਕ ਪਾਸੇ ਤਨਖ਼ਾਹ ਲੈ ਕੇ ਨੌਕਰੀ ਕਰਨ ਵਾਲੇ ਮੁਗ਼ਲ ਸੈਨਿਕ ਸਨ ਅਤੇ ਦੂਜੇ ਪਾਸੇ ਨਿਸ਼ਕਾਮ ਸੇਵਾ ਤੇ ਕੁਰਬਾਨੀ ਦੀ ਭਾਵਨਾ ਰੱਖਣ ਵਾਲੇ ਮਰਜੀਵੜੇ ਸਿੰਘ। ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਸਨ, ਉਨ੍ਹਾਂ ਦੇ ਮਨ ਵਿਚ ਭਾਵਨਾ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਸੀ, ਕਿਉਂਕਿ ਨੀਲੇ ਦਾ ਸਾਹ ਅਸਵਾਰ ਬਾਜ਼ਾਂ ਵਾਲਾ ਨਾਲ ਸੀ, ਫਿਰ ਡਰ ਕਿਸ ਦਾ? ਬੁਲੰਦ ਹੌਂਸਲੇ ਨਾਲ ਰਣ ਤੱਤੇ ਖ਼ਾਲਸਾ ਜੂਝਣ ਲੱਗ ਪਿਆ।

    ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਸਾਹਿਬਜ਼ਾਦਾ ਅਜੀਤ ਸਿੰਘ ਦੇ ਦਿਲ ਵਿਚ ‘ਯੁੱਧ ਚਾਉ’ ਉੱਠ ਰਿਹਾ ਸੀ। ਦਿਲੀ ਭਾਵਨਾ ਲੈ ਕੇ ਦਸਮ ਪਿਤਾ ਨੂੰ ਜੰਗ ਵਿਚ ਜੂਝ ਕੇ ਯੁੱਧ ਚਾਉ ਪੂਰਾ ਕਰਨ ਦੀ ਅਰਜ਼ ਕੀਤੀ। ਹਜ਼ੂਰ ਪਿਤਾ ਦੀਆਂ ਅਸੀਸਾਂ ਲੈ ਕੇ ਪੰਜ ਸਿੰਘਾਂ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਵਿਚ ਕੁੱਦ ਗਿਆ। ਘਮਸਾਨ ਦਾ ਯੁੱਧ ਕੀਤਾ। ਜੈਕਾਰਿਆਂ ਦੀ ਗੂੰਜ ਵਿਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ। ਆਖ਼ਰੀ ਦਮ ਤਕ ਜੂਝਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਸਮੇਤ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤੇ ਗੁਰੂ ਜੀ ਸਮੇਤ 3 ਸਿੰਘ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ) ਮਾਛੀਵਾੜੇ ਦੇ ਜੰਗਲਾਂ ਵਲ ਕੂਚ ਕਰ ਗਏ।

    ਭਾਈ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗੜ੍ਹੀ ਛੱਡਣ ਤੋਂ ਪਹਿਲਾਂ ਅਪਣੀ ਕਲਗੀ ਤੇ ਬਸਤਰ ਪਹਿਨਾਏ ਸਨ, ਸਮੇਤ ਬਾਕੀ ਦੇ ਸਾਰੇ ਸਿੰਘ 9 ਪੋਹ ਨੂੰ ਸ਼ਹੀਦ ਹੋ ਗਏ। ਸ਼ਹਾਦਤ ਦੇ ਇਤਿਹਾਸ ਵਿਚ ਮਹਾਨ ਸ਼ਹੀਦਾਂ ਦਾ ਪਵਿੱਤਰ ਖ਼ੂਨ ਡੁੱਲ੍ਹਣ ਨਾਲ ਚਮਕੌਰ ਦੀ ਧਰਤੀ ਚਮਕੌਰ ਸਾਹਿਬ ਬਣ ਗਈ। ਇਥੇ ਚਮਕੌਰ ਸਾਹਿਬ ਦੀ ਇਤਿਹਾਸਕ ਜੰਗ ਦੀ ਯਾਦ ਵਿਚ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਕੱਚੀ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਤਾੜੀ ਸਾਹਿਬ ਤੇ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸੁਸ਼ੋਭਤ ਹੈ, ਜੋ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲੇ ਹੋਏ ਹਨ। ਜੋਗੀ ਅੱਲਾ ਯਾਰ ਖ਼ਾਂ ਚਮਕੌਰ ਦੀ ਧਰਤੀ ਨੂੰ ਸਿਜਦਾ ਕਰਦਾ ਹੋਇਆ ਆਖਦੇ ਹਨ ਕਿ ਚਮਕੌਰ ਦੀ ਮਿੱਟੀ ਤੇਰੇ ਵਿਚ ਇਹ ਚਮਕ ਕਿਥੋਂ ਆਈ? ਇਸੇ ਧਰਤੀ ਤੋਂ ਸਿਤਾਰੇ ਬਣ ਕੇ ਅਸਮਾਨ ਵਲ ਨੂੰ ਗਏ ਹਨ। ਉਸ ਦਾ ਇਸ਼ਾਰਾ ਉਨ੍ਹਾਂ 40 ਸ਼ਹੀਦਾਂ ਵਲ ਹੈ ਜਿਨ੍ਹਾਂ ਨੇ ਧਰਮ ਤੇ ਦੇਸ਼ ਦੀ ਖ਼ਾਤਰ ਅਪਣੀਆਂ ਜਾਨਾਂ ਵਾਰੀਆਂ ਸਨ।
    ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ਰੋਂ ਮੇਂ।
    ਯਹੀਂ ਸੇ ਬਨ ਕੇ ਸਿਤਾਰੇ ਗਏ ਆਸਮਾਂ ਕੇ ਲਿਯੇ।
    ਗੰਗੂ ਬ੍ਰਾਹਮਣ ਨਮਕ ਹਰਾਮੀ ਨਿਕਲਿਆ

    ਮਾਤਾ ਗੁਜਰੀ ਜੀ ਤੇ ਛੋਟੀਆਂ ਛੋਟੀਆਂ ਜਿੰਦਾਂ ਹੱਡ-ਚੀਰਵੀਂ ਠੰਢ ਵਿਚ ਬੀਆਬਾਨ ਜੰਗਲ ਤੇ ਝਾੜੀਆਂ ਵਿਚ ਲੁਕਦੇ ਹੋਏ ਗੁਰੂ ਘਰ ਦੇ ਸ਼ਰਧਾਲੂ ਕੁੰਮੇ ਮਾਸਕੀ ਦੀ ਝੁੱਗੀ ਵਿਚ ਆ ਟਿਕਾਣਾ ਕੀਤਾ ਸੀ। ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ (ਅਸਲ ਵਿਚ ਇਹ ਪਹਾੜੀ ਰਾਜਿਆਂ ਦਾ ਸੂਹੀਆ ਸੀ। ਜੋ ਕਿ ਸੂਹੀਏ ਤੋਂ ਰਸੋਈਆ ਬਣਾ ਦਿਤਾ ਗਿਆ ਸੀ।) ਗੁਰੂ ਸਾਹਿਬ ਦੇ ਪ੍ਰਵਾਰ ਨੂੰ ਲਭਦਾ ਹੋਇਆ ਕੁੰਮਾ ਮਾਸਕੀ ਦੇ ਘਰ ਪਹੁੰਚਿਆ ਤੇ ਅਪਣੇ ਘਰ ਪਿੰਡ ਖੇੜੀ (ਹੁਣ ਇਸ ਪਿੰਡ ਦਾ ਨਾਂ ਸਹੇੜੀ ਵਜਦਾ ਹੈ ਜੋ ਮੋਰਿੰਡਾ ਸ਼ਹਿਰ ਦੇ ਨੇੜੇ ਪੈਂਦਾ ਹੈ।) ਲੈ ਆਇਆ, ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ’ਤੇ ਪੈਂਦਾ ਸੀ। ਜਦੋਂ ਰਾਤ ਨੂੰ ਮਾਤਾ ਜੀ ਅਤੇ ਬੱਚੇ ਸੁੱਤੇ ਪਏ ਸਨ ਤਾਂ ਗੰਗੂ ਦੀ ਨੀਅਤ ਬਦਨੀਤ ਹੋ ਗਈ ਕਿਉਂਕਿ ਉਸ ਦੀ ਨਜ਼ਰ ਮਾਤਾ ਦੀ ਮੋਹਰਾਂ ਵਾਲੀ ਥੈਲੀ ’ਤੇ ਸੀ। ਉਸ ਲਾਲਚੀ ਨੇ ਮੋਹਰਾਂ ਵਾਲੀ ਥੈਲੀ ਖਿਸਕਾ ਲਈ। ਸਵੇਰ ਹੋਣ ’ਤੇ ਜਦੋਂ ਮਾਤਾ ਜੀ ਨੇ ਪੁਛਿਆ ਤਾਂ ਨਮਕ-ਹਰਾਮੀ ਗੰਗੂ ਸਾਫ਼ ਮੁੱਕਰ ਗਿਆ ਬਲਕਿ ਅਗਲੀ ਸਵੇਰ ਨੂੰ ਉਸ ਨੇ ਮੁਗ਼ਲ ਹਕੂਮਤ ਕੋਲੋਂ ਇਨਾਮ ਹਾਸਲ ਕਰਨ ਲਈ ਮਾਤਾ ਜੀ ਅਤੇ ਮਾਸੂਮ ਬੱਚਿਆਂ ਨੂੰ ਗਿ੍ਰਫ਼ਤਾਰ ਕਰਵਾ ਦਿਤਾ।

    8 ਪੋਹ ਦੀ ਰਾਤ ਨੂੰ ਹੀ ਦੋਵੇਂ ਮਾਸੂਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦੀ ਕੋਤਵਾਲੀ ’ਚ ਕੈਦ ਕਰ ਕੇ ਰਖਿਆ ਗਿਆ। 9 ਪੋਹ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ ’ਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਜਾਇਆ ਗਿਆ ਤੇ ਉਸ ਰਾਤ ਉਨ੍ਹਾਂ ਨੂੰ ਕਿਲ੍ਹੇ ਦੇ ਠੰਢੇ ਬੁਰਜ ਵਿਚ ਰਖਿਆ ਗਿਆ। ਅਗਲੇ ਦਿਨ ਬੱਚਿਆਂ ਨੂੰ ਸਰਹਿੰਦ ਦੇ ਨਵਾਬ ਦੀ ਕਚਹਿਰੀ ਵਿਚ ਪੇਸ਼ ਕਰਨ ਦਾ ਫ਼ੁਰਮਾਨ ਜਾਰੀ ਹੋਇਆ। ਪੋਹ ਦੀ ਠੰਢੀ ਰਾਤ ਭੁੱਖੇ-ਭਾਣੇ ਦਾਦੀ ਅਤੇ ਨਿੱਕੇ-ਨਿੱਕੇ ਸੋਹਲ ਕਲੀਆਂ ਵਰਗੇ ਪੋਤਰੇ। ਇਸ ਤੋਂ ਵੱਡਾ ਅਤੇ ਕਠਿਨ ਇਮਤਿਹਾਨ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਨੂੰ ਪਾਸ ਕਰਨਾ ਪਿਆ ਹੋਵੇ। ਦਾਦੀ ਮਾਤਾ ਜੀ ਦਸੰਬਰ ਦੀ ਬਰਫ਼ ਵਰਗੀ ਠੰਢੀ ਰਾਤ ਨੂੰ ਅਪਣੇ ਪੋਤਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ, ਪੜਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਦਾਦਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਹੋਰ ਸਿੰਘਾਂ ਦੀ ਬਹਾਦਰੀ ਦੀਆਂ ਸਾਖੀਆਂ ਸੁਣਾ-ਸੁਣਾ ਕੇ ਉਨ੍ਹਾਂ ਵਿਚ ਬੀਰਤਾ ਦਾ ਜਜ਼ਬਾ ਭਰਦੇ ਰਹੇ ਤਾਕਿ ਉਹ ਅਗਲੇ ਦਿਨ ਹਾਕਮਾਂ ਦੇ ਸਾਹਮਣੇ ਧਰਮ ਤੋਂ ਡੋਲ ਨਾ ਜਾਣ। ਸਵੇਰੇ ਦਾਦੀ ਜੀ ਨੇ ਅਪਣੇ ਪੋਤਰਿਆਂ ਨੂੰ ਪਿਆਰ ਨਾਲ ਤਿਆਰ ਕੀਤਾ ਤੇ ਕਿਹਾ, -‘‘ਅਪਣੇ ਧਰਮ ਨੂੰ ਜਾਨਾਂ ਵਾਰ ਕੇ ਵੀ ਕਾਇਮ ਰਖਣਾ! ਤੁਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹੋ ਜਿਸ ਨੇ ਜ਼ਾਲਮਾਂ ਦੀ ਕਦੀ ਈਨ ਨਾ ਮੰਨੀ। ਉਸ ਦਾਦੇ ਦੇ ਪੋਤੇ ਹੋ ਜਿਸ ਨੇ ਧਰਮ ’ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਖ਼ਾਤਰ ਅਪਣਾ ਸੀਸ ਵਾਰ ਦਿਤਾ। ਵੇਖਿਉ ਕਿਤੇ ਵਜ਼ੀਰ ਖ਼ਾਂ ਵਲੋਂ ਦਿਤੇ ਡਰਾਵਿਆਂ ਜਾਂ ਲਾਲਚ ਕਾਰਨ ਧਰਮ ਵਲੋਂ ਕਮਜ਼ੋਰੀ ਨਾ ਵਿਖਾ ਜਾਇਉ!’’

    ਦੂਜੇ ਦਿਨ ਸਵੇਰ ਹੁੰਦੇ ਹੀ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆ ਗਏ ਤੇ ਉਨ੍ਹਾਂ ਨੂੰ ਵਜ਼ੀਰ ਖ਼ਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਉਨਾਂ ਨੂੰ ਇਸਲਾਮੀ ਦਾਇਰੇ ਵਿਚ ਆਉਣ, ਦੀਨ ਕਬੂਲ ਕਰਨ ਲਈ ਪ੍ਰੇਰਨ, ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਨ੍ਹਾਂ ਅੰਗੇ ਝੂਠ ਵੀ ਬੋਲਿਆ ਗਿਆ ਕਿ ਤੁਹਾਡੇ ਪਿਤਾ, ਭਰਾ ਤੇ ਹੋਰ ਸਿੰਘ ਮਾਰੇ ਜਾ ਚੁੱਕੇ ਹਨ। ਹੁਣ ਤੁਸੀਂ ਕਿੱਥੇ ਜਾਉਗੇ? ਤੁਸੀਂ ਇਕੱਲੇ ਹੋ, ਤੁਸੀਂ ਮੁਸਲਮਾਨ ਬਣ ਜਾਵੋ। ਪਰ ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਦੀ ਈਨ ਮੰਨਣ ਤੋਂ ਸਾਫ਼ ਇਨਕਾਰ ਕਰ, ਬੜੇ ਬੇਖ਼ੌਫ਼ ਹੋ ਕੇ ਜਵਾਬ ਦਿਤਾ, ‘‘ਅਸੀਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ਼ ਬਹਾਦਰ ਦੀ ਔਲਾਦ ਹਾਂ। ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ, ਧਰਮ ਛੱਡਣਾ ਨਹੀਂ। ਮੌਤ ਤੋਂ ਸਾਨੂੰ ਡਰ ਨਹੀਂ ਲਗਦਾ। ਤੁਹਾਡਾ ਜਿਵੇਂ ਜੀਅ ਕਰਦਾ ਹੈ ਕਰ ਲਵੋ।’’ (ਸਿੱਖ ਇਤਿਹਾਸ, ਪੰਨਾ 427-28) ਇਸ ਸਮੇਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੇ ਚਿਹਰਿਆਂ ’ਤੇ ਕੋਈ ਡਰ ਦਾ ਨਿਸ਼ਾਨ ਨਹੀਂ ਸੀ। ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਦੇ ਡਰਾਵੇ ਅਤੇ ਲਾਲਚ ਵੀ ਅਪਣੇ ਧਰਮ ਤੋਂ ਦੂਰ ਨਾ ਕਰ ਸਕੇ। 9 ਸਾਲ ਤੇ 7 ਸਾਲ ਦੇ ਬੱਚਿਆਂ ਦੇ ਦਲੇਰੀ-ਭਰੇ ਉੱਤਰ ਨੂੰ ਸੁਣ ਕੇ ਸਾਰੇ ਪਾਸੇ ਸਨਾਟਾ ਛਾ ਗਿਆ! ਹੰਕਾਰੀ ਨਵਾਬ ਨੂੰ ਗੁੱਸਾ ਆ ਗਿਆ। ਸਾਹਿਬਜ਼ਾਦਿਆਂ ਨੂੰ ਚੜ੍ਹਦੀ ਕਲਾ ’ਚ ਵੇਖ ਅਤੇ ਉਨ੍ਹਾਂ ਦੇ ਜੁਆਬ ਸੁਣ ਕੇ ਸੂਬਾ ਸਰਹਿੰਦ ਆਪੇ ਤੋਂ ਬਾਹਰ ਹੋ ਗਿਆ। ਵਜ਼ੀਰ ਖ਼ਾ ਨੇ ਕਾਜ਼ੀ ਵਲ ਵੇਖਿਆ ਤਾਂ ਕਾਜ਼ੀ ਨੇ ਫ਼ਤਵਾ ਸੁਣਾਇਆ ਕਿ ਇਨ੍ਹਾਂ ਨੂੰ ਦੀਵਾਰ ’ਚ ਜ਼ਿੰਦਾ ਚਿਣਵਾ ਦਿਤਾ ਜਾਵੇ।

    ਸਚਮੁੱਚ ਇਸ ਮਹੀਨੇ ਦੌਰਾਨ ਦੁਨੀਆਂ ਦੇ ਇਤਿਹਾਸ ਵਿਚ ਬਹੁਤ ਹੀ ਮਾਸੂਮ ਜਿੰਦਾਂ ਦੀ ਕਠਿਨ ਪ੍ਰੀਖਿਆ ਲਈ ਗਈ ਅਤੇ ਉਨ੍ਹਾਂ ਦੇ ਸਿਦਕ ਨੂੰ ਡੋਲਦਾ ਨਾ ਵੇਖ ਕੇ ਆਖ਼ਰ 13 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਜਿਉਂਦਿਆਂ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤਾ ਗਿਆ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਜਦ ਇਹ ਦੁਖਦਾਈ ਖ਼ਬਰ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਵੀ ਉਸ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ ਗੁਰਪੁਰੀ ਪਿਆਨਾ ਕਰ ਗਏ। ਨਿੱਕੀ ਉਮਰ ਵਿਚ ਦਲੇਰੀ ਦੀ ਮਹਾਨ ਉਦਾਹਰਣ ਦੇਣ ਵਾਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ ਹੈ।
    ਸਿਰ ਝੁਕਾ ਕੇ ਆਦਰ ਕਰਾਂ
    ਨੀਹਾਂ ‘ਚ ਖਲੋਤਿਆਂ ਦਾ,
    ਕੋਈ ਦੇਣ ਨੀ ਦੇ ਸਕਦਾ
    ਮਾਂ ਗੁਜਰੀ ਦੇ ਪੋਤਿਆਂ ਦਾ।
    ਦੁਨੀਆਂ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲਗਦਾ ਹੈ ਕਿ ਜਿੰਨੇ ਸ਼ਹੀਦ ਸਿੱਖ ਧਰਮ ਵਿਚ ਹੋਏ ਹਨ, ਓਨੇ ਕਿਸੇ ਹੋਰ ਧਰਮ ਵਿਚ ਨਹੀਂ ਹੋਏ। ਸਿੱਖ ਧਰਮ ਦੀ ਬੁਨਿਆਦ ਹੀ ਸ਼ਹੀਦੀਆਂ ’ਤੇ ਰੱਖੀ ਗਈ ਹੈ। ਸਿੱਖ ਧਰਮ ਵਿਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਦੇ ਜਨਮਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਅਦੁਤੀ ਸ਼ਹੀਦੀਆਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਧਰਮ ਦੀ ਰਖਿਆ ਕਰਨ ਨਾਲ ਉਮਰਾਂ ਦਾ ਕੋਈ ਸਬੰਧ ਨਹੀਂ ਹੁੰਦਾ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ ਪ੍ਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿਚ ਦੁਰਲੱਭ ਹਨ। ਇਹ ਸ਼ਹਾਦਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਜ਼ੁਲਮ ਦੀ ਵਿਰੋਧਤਾ ਵਿਚ ਦਿਤੀਆਂ ਗਈਆਂ ਸਨ। ਰਣ ਤੱਤੇ ਵਿਚ ਜੂਝ ਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਈਆਂ ਸ਼ਹਾਦਤਾਂ ਵੀ ਸਿੱਖਾਂ ਨੇ ਹੀ ਦਿਤੀਆਂ ਹਨ। ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਕਿ ਸਿੱਖ ਮਹਿਜ਼ ਅਪਣੀ ਖ਼ਾਤਰ ਹੀ ਨਹੀਂ ਜਿਉਂਦਾ ਸਗੋਂ ਅਪਣੇ ਅਤੇ ਦੂਸਰਿਆਂ ਦੇ ਹੱਕਾਂ ਤੇ ਸਰਬੱਤ ਦੇ ਭਲੇ ਲਈ ਵੀ ਜਿਉਂਦਾ ਹੈ ਅਤੇ ਜੇ ਲੋੜ ਪਵੇ ਤਾਂ ਸ਼ਹਾਦਤ ਵੀ ਦੇ ਸਕਦਾ ਹੈ ਕਿਉਂਕਿ ਮਨੁੱਖੀ ਇਨਸਾਫ਼, ਬਰਾਬਰੀ, ਸਵੈਮਾਣ, ਆਜ਼ਾਦੀ, ਸਰਬੱਤ ਦੇ ਭਲੇ ਲਈ ਜਿਉਣਾ ਸਿਖਾਇਆ ਗਿਆ ਹੈ।

    ਪੋਹ ਦਾ ਸਾਰਾ ਹੀ ਮਹੀਨਾ ਸਿੱਖ ਸ਼ਹੀਦੀਆਂ ਦੀ ਦਿਲ-ਕੰਬਾਊ ਘਟਨਾ ਹੈ। ਹਰ ਵਰ੍ਹੇ ਜਦੋਂ ਵੀ ਦਸੰਬਰ ਦਾ ਮਹੀਨਾ ਆਉਂਦਾ ਹੈ ਤਾਂ ਮੱਲੋ-ਮੱਲੀ ਸਰਸਾ ਨਦੀ, ਚਮਕੌਰ ਦੀ ਗੜ੍ਹੀ, ਮਾਛੀਵਾੜੇ ਦੇ ਜੰਗਲ, ਸਰਹੰਦ ਦੀਆਂ ਨੀਹਾਂ ਅੱਖਾਂ ਅੱਗੇ ਆ ਜਾਂਦੀਆਂ ਹਨ। ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਦਾ ਬਹੁਤ ਹੀ ਦੁਖਦਾਈ ਅਤੇ ਸੋਗਮਈ ਮਹੀਨਾ ਮੰਨਿਆ ਜਾਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਸ਼ਰਧਾਵਾਨ ਸਿੱਖ ਅਪਣੇ ਗੁਰੂ ਅਤੇ ਸ਼ਹੀਦਾਂ ਦੀ ਯਾਦ ਵਿਚ ਗ਼ਮਗੀਨ ਅਵਸਥਾ ਵਿਚ ਅਪਣਾ ਜੀਵਨ ਬਤੀਤ ਕਰਦੇ ਹਨ। ਸ਼ਰਧਾਵਾਨ ਸਿੱਖ ਅਪਣੇ ਗੁਰੂ ਦੇ ਪ੍ਰਵਾਰ ਅਤੇ ਪੰਥ ਉੱਤੇ ਪਈਆਂ ਪੀੜਾਂ ਦੇ ਉਸ ਇਤਿਹਾਸ ਨੂੰ ਅਪਣੇ ਪਿੰਡੇ ਤੇ ਮਹਿਸੂਸ ਕਰਨ ਦਾ ਯਤਨ ਕਰਦੇ ਹਨ ਬਲਕਿ ਬਹੁਤ ਸਾਰੇ ਘਰਾਂ ਵਿਚ ਇਨ੍ਹਾਂ ਦਿਨਾਂ ਦੌਰਾਨ ਚੁੱਲ੍ਹੇ ਵਿਚ ਅੱਗ ਵੀ ਨਹੀਂ ਬਲਦੀ। ਇਸ ਹਫ਼ਤੇ ਵਿਚ ਬਾਦਸ਼ਾਹ ਦਰਵੇਸ਼ ਨੇ ਜੋ ਮਨੁੱਖਤਾ ਲਈ ਕੀਤਾ ਉਹ ਸੁਣ ਕੇ ਪੱਥਰ ਦਿਲ ਵੀ ਪਿਘਲ ਜਾਂਦੇ ਹਨ।

    22 ਦਸੰਬਰ ਅਤੇ 27 ਦਸੰਬਰ 1704 ਈਸਵੀ ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹਿੰਦ ਦੀ ਕੈਦ ਵਿਚ ਸ਼ਹੀਦ ਕਰ ਦਿਤੇ ਗਏ ਸਨ। ਦੁਨੀਆਂ ਦੇ ਇਤਿਹਾਸ ਵਿਚ ਸਰਹੰਦ ਤੇ ਚਮਕੌਰ ਸਾਹਿਬ ਤੋਂ ਵੱਡਾ ਕੋਈ ਇਤਿਹਾਸ ਨਹੀਂ ਹੋ ਸਕਦਾ ਜਿੱਥੇ ਬਾਜ਼ਾਂ ਵਾਲੇ ਗੁਰੂ ਜੀ ਦਾ ਲਗਭਗ ਸਮੁੱਚਾ ਪ੍ਰਵਾਰ ਸਿੱਖ ਕੌਮ ਦੀ ਹੋਣੀ ਅਤੇ ਭਵਿੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਲਈ ਸ਼ਹਾਦਤ ਦਾ ਜਾਮ ਪੀ ਗਿਆ ਸੀ।