ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਵਿੱਚ ਆਈ ਖਾਟਾਸ ਦਾ ਸਭ ਤੋਂ ਵੱਡਾ ਅਸਰ ਹੋਟਲ ਇੰਡਸਟਰੀ ‘ਤੇ ਪੈਣ ਦੇ ਅਸਾਰ ਜਤਾਏ ਜਾ ਰਹੇ ਹਨ। ਕੈਨੇਡਾ ਤੋਂ ਆਉਣ ਵਾਲਿਆਂ ਦੇ ਵੀਜ਼ਾ ‘ਤੇ ਲੱਗੀ ਰੋਕ ਕਾਰਨ ਹੋਟਲ ਇੰਡਸਟਰੀ ਨੂੰ ਲਗਭਗ ਦੱਸ ਲੱਖ ਕਰੋੜ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਜਤਾਇਆ ਜਾ ਰਿਹਾ ਹੈ।

    ਦੱਸ ਦਈਏ ਕਿ ਹਰ ਸਾਲ ਸਿਰਫ ਪੰਜਾਬ ਵਿੱਚ ਐਨਆਰਆਈਜ਼ ਵੱਲੋਂ ਲਗਭਗ 5 ਹਜ਼ਾਰ ਵਿਆਹ ਕੀਤੇ ਜਾਂਦੇ ਹਨ। ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਦੇ ਕਾਰਨ ਇਸ ਦਾ ਅਸਰ ਪੰਜਾਬ ਦੀ ਹੋਟਲ ਇੰਡਸਟਰੀ ‘ਤੇ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਪੰਜਾਬ ਵਿੱਚ ਵਿਆਹ ਕਰਨ ਵਾਸਤੇ ਪੰਜਾਬ ਆਉਂਦੇ ਹਨ।

    ਹਾਲਾਂਕਿ ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਦੀ ਹੋਟਲ ਇੰਡਸਟਰੀ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਦੌਰਾਨ ਉਨ੍ਹਾਂ ਵੱਲੋਂ ਕਰੋੜਾਂ ਰੁਪਏ ਦਾ ਕਾਰੋਬਾਰ ਵਿਆਹ ਸਰਦੀਆਂ ਵਿੱਚ ਕੀਤਾ ਜਾਣਾ ਸੀ।

    ਪੰਜਾਬ ਹੋਟਲ ਅੰਡਰਸਟਰੀ ਦੇ ਪ੍ਰਧਾਨ ਸਤੀਸ਼ ਕੁਮਾਰ ਅਰੋੜਾ ਨੇ ਜ਼ੀ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੱਲਬਾਤ ਦੌਰਾਨ ਹਰ ਸਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਪੰਜਾਬ ਵਿੱਚ ਵਿਆਹ ਕਰਵਾਉਣ ਆਉਂਦੇ ਹਨ। ਪਿਛਲੇ ਸਾਲ ਕਰੀਬ 4500 ਵਿਦੇਸ਼ੀ ਨਾਗਰਿਕਾਂ ਵੱਲੋਂ ਪੰਜਾਬ ਵਿੱਚ ਵਿਆਹ ਸਮਾਗਮ ਬੁੱਕ ਕੀਤੇ ਗਏ ਸਨ ਅਤੇ ਇਸ ਸਾਲ ਇਹ ਅੰਕੜਾ ਪੰਜ ਹਜ਼ਾਰ ਤੋਂ ਟੱਪਣ ਦੀ ਉਮੀਦ ਸੀ।

    ਹਾਲਾਂਕਿ ਭਾਰਤ ਸਰਕਾਰ ਵੱਲੋਂ ਕੈਨੇਡਾ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾਉਣ ਤੋਂ ਬਾਅਦ ਹੋਟਲਾਂ ਇੰਡਸਟਰੀ ਨੂੰ ਕਰੀਬ 10 ਲੱਖ ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਹੀ ਸਰਕਾਰਾਂ ਵੱਲੋਂ ਬਿਨਾਂ ਸੋਚੇ ਸਮਝੇ ਇਹ ਫੈਸਲਾ ਲਿਆ ਗਿਆ ਹੈ। ਸਰਕਾਰਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਡੂੰਘਾਈ ਨਾਲ ਇਸ ਦੇ ਨਿਕਲਣ ਵਾਲੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ।