ਕਾਂਗੜਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਦੋ ਪਿਸਤੌਲਾਂ ਅਤੇ ਇਕ ਦੇਸੀ ਕੱਟੇ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਤਿੰਨੋਂ ਨੌਜਵਾਨ ਪਠਾਨਕੋਟ ਤੋਂ ਕਾਂਗੜਾ ਵੱਲ ਆ ਰਹੇ ਸਨ।

    ਦਰਅਸਲ ਆਬਕਾਰੀ ਵਿਭਾਗ ਅਤੇ ਦਮਤਲ ਪੁਲਿਸ ਨੇ ਭਦਰੋਆ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਪਠਾਨਕੋਟ (ਪੰਜਾਬ) ਦੇ ਰਹਿਣ ਵਾਲੇ ਰਾਹੁਲ, ਦੀਪਕ ਮਲਹੋਤਰਾ ਅਤੇ ਅਭਿਨੰਦਨ ਕੋਲੋਂ ਪਿਸਤੌਲ, ਦੇਸੀ ਕੱਟਾ ਅਤੇ 187.70 ਗ੍ਰਾਮ ਅਫੀਮ ਵੀ ਬਰਾਮਦ ਹੋਈ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ 25 ਅਸਲਾ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

    ਇਸ ਦੇ ਨਾਲ ਹੀ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਧਰਮਸ਼ਾਲਾ ਸਥਿਤ ਜਲ ਸ਼ਕਤੀ ਵਿਭਾਗ ਦੇ ਦਫਤਰ ਦੀ ਕੰਧ ‘ਤੇ ਗਰਮਖਿਆਲੀ ਨਾਅਰੇ ਲਿਖਣ ਵਾਲੇ ਦੋਸ਼ੀਆਂ ਦਾ ਪਤਾ ਨਹੀਂ ਲਗਾ ਸਕੀ। ਬੇਸ਼ੱਕ ਪੁਲਿਸ ਨੇ ਇਸ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ.ਆਈ.ਟੀ.) ਦਾ ਗਠਨ ਕੀਤਾ ਹੈ ਪਰ ਘਟਨਾ ਦੇ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ।