ਹੁਸ਼ਿਆਰਪੁਰ(ਵਿੱਕੀ ਸੂਰੀ) : ਹੁਸ਼ਿਆਰਪੁਰ ਦੇ ਮਾਹਿਲਪੁਰ ਪੁਲਸ ਥਾਣੇ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇਕ ਰਾਜੀਨਾਮੇ ਦੌਰਾਨ ਚਾਰ ਦਿਨ ਪਹਿਲਾਂ ਹੀ ਪਿੰਡ ਬੱਢੋਆਣ ਦੀ ਪੰਚਾਇਤ ਵਿਚ ਵਿਆਹੀ ਲੜਕੀ ਦਾ ਉਸ ਦੀ ਸੱਸ ਅਤੇ ਪਰਿਵਾਰ ਨੇ ਕੁਟਾਪਾ ਚਾੜ੍ਹ ਦਿੱਤਾ। ਥਾਣੇਦਾਰ ਦੀ ਹਾਜ਼ਰੀ ਵਿਚ ਹੀ ਲੜਕੀ ਤੇ ਉਸ ਦੇ ਪਰਿਵਾਰ ‘ਤੇ ਸਹੁਰਾ ਧਿਰ ਨੇ ਹਮਲਾ ਕਰ ਦਿੱਤਾ। ਇਨਸਾਫ਼ ਨਾ ਮਿਲਦਾ ਦੇਖ਼ ਲੜਕੀ ਅਤੇ ਉਸ ਦਾ ਪਰਿਵਾਰ ਸੜਕ ‘ਤੇ ਆ ਗਿਆ ਅਤੇ ਧਰਨਾ ਲਗਾ ਦਿੱਤਾ। ਲੜਕੀ ਵਿਚਕਾਰ ਸੜਕ ‘ਤੇ ਹੀ ਲੇਟ ਗਈ। ਮਾਮਲਾ ਵਿਗੜਦਾ ਦੇਖ਼ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਲੜਕਾ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਥਾਣੇ ‘ਚ ਡੱਕ ਦਿੱਤਾ।

    ਮਿਲੀ ਜਾਣਕਾਰੀ ਮੁਤਾਬਕ ਸੰਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਬੱਢੋਆਣ ਨੇ ਆਪਣੀ ਚਾਚੀ ਜਸਵਿੰਦਰ ਕੌਰ, ਪਿਤਾ ਸੁਰਿੰਦਰ ਸਿੰਘ, ਭਰਾ, ਭਾਜਪਾ ਨੇਤਾ ਅਮਰਜੀਤ ਸਿੰਘ ਭਿੰਦਾ, ਬਸਪਾ ਨੇਤਾ ਬਖ਼ਸੀਸ਼ ਸਿੰਘ ਗਾਂਧੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਪਿਛਲੇ ਛੇ ਸਾਲਾਂ ਤੋਂ ਨਜ਼ਦੀਕੀ ਪਿੰਡ ਸਰਦੁੱਲਾਪੁਰ ਦੇ ਲੜਕੇ ਜਸਕਰਨ ਸਿੰਘ ਨਾਲ ਪ੍ਰੇਮ ਸਬੰਧ ਸਨ। ਉਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਹ ਇਕ ਥਾਂ ਮਿਲਦੇ ਫ਼ੜੇ ਗਏ ਤਾਂ ਦੋਹਾਂ ਪਰਿਵਾਰਾਂ ਨੇ ਪੰਚਾਇਤ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਲ਼ਿਖਤੀ ਵਿਆਹ ਕਰਵਾ ਦਿੱਤਾ ਅਤੇ ਉਹ ਆਪਣੇ ਸਹੁਰਾ ਪਰਿਵਾਰ ਨਾਲ ਆ ਗਈ। ਉਸ ਨੇ ਦੱਸਿਆ ਕਿ ਦੋ ਦਿਨ ਬਾਅਦ ਉਸ ਦੀ ਸੱਸ ਨੇ ਉਸ ਨੂੰ ਵੱਖ਼ਰਾ ਕਮਰਾ ਦੇ ਦਿੱਤਾ ਪਰ ਉਸ ਦੇ ਪਤੀ ਨੂੰ ਨਾ ਆਉਣ ਦਿੱਤਾ, ਜਿਸ ਕਾਰਨ ਘਰ ਵਿਚ ਲੜਾਈ ਝਗੜਾ ਹੋ ਗਿਆ।

    ਉਸ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਦੀ ਝੂਠੀ ਸ਼ਿਕਾਇਤ ਥਾਣਾ ਮਾਹਿਲਪੁਰ ਵਿਖ਼ੇ ਕਰ ਦਿੱਤੀ। ਉਸ ਨੇ ਦੱਸਿਆ ਕਿ ਅੱਜ ਥਾਣਾ ਮਾਹਿਲਪੁਰ ਵਿਖ਼ੇ ਥਾਣੇਦਾਰ ਦਲਜੀਤ ਸਿੰਘ ਨੇ ਦੋਹਾਂ ਪਾਰਟੀਆਂ ਨੂੰ ਗੱਲਬਾਤ ਲਈ ਬਲਾਇਆ ਸੀ। ਉਸ ਨੇ ਦੱਸਿਆ ਕਿ ਉਹ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਉਸ ਦੀ ਸੱਸ ਨੇ ਥਾਣੇਦਾਰ ਦੀ ਹਾਜ਼ਰੀ ਵਿਚ ਹੀ ਉਸ ਦੇ ਵਾਲ ਫ਼ੜ ਕੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

    ਉਸ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਉਸ ਨੂੰ ਛੁਡਾਇਆ ਤਾਂ ਥਾਣੇਦਾਰ ਨੇ ਉਸ ਦੇ ਪਤੀ ਜਸਕਰਨ ਨੂੰ ਅੰਦਰ ਡੱਕ ਦਿੱਤਾ। ਇਸ ਗੱਲ ਤੋਂ ਭੜਕੇ ਸਹੁਰਾ ਪਰਿਵਾਰ ਨੇ ਲੜਕੀ ਵਾਲਿਆਂ ‘ਤੇ ਥਾਣੇ ਅੰਦਰ ਹੀ ਹਮਲਾ ਕਰ ਦਿੱਤਾ। ਦੋਹਾਂ ਧਿਰਾਂ ਨੇ ਕੁਰਸੀਆਂ ਚੁੱਕ ਲਈਆਂ ਤਾਂ ਪੀੜਤ ਲੜਕੀ ਅਤੇ ਉਸ ਦੇ ਮਾਪਿਆਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਲੜਕੀ ਸੜਕ ਦੇ ਵਿਚਕਾਰ ਲੇਟ ਗਈ।

    ਉਧਰ ਪੀੜਤ ਪਰਿਵਾਰ ਨੇ ਥਾਣੇਦਾਰ ਦਲਜੀਤ ਸਿੰਘ ‘ਤੇ ਮਿਲੀ ਭੁਗਤ ਦੇ ਦੋਸ਼ ਵੀ ਲਗੇ। ਉਨ੍ਹਾਂ ਕਿਹਾ ਕਿ ਥਾਣੇਦਾਰ ਦਲਜੀਤ ਸਿੰਘ ਉਨ੍ਹਾਂ ‘ਤੇ ਲਗਾਤਾਰ ਦਬਾਅ ਪਾ ਰਿਹਾ ਸੀ ਅਤੇ ਆਪੋ-ਆਪਣੇ ਘਰ ਜਾਣ ਲਈ ਡਰਾ ਧਮਕਾ ਰਿਹਾ ਸੀ। ਲੜਕੀ ਨੇ ਦੋਸ਼ ਲਗਾਇਆ ਕਿ ਮੁੰਡਾ ਤਿੰਨ ਵਾਰ ਉਸ ਦਾ ਗਰਭਪਾਤ ਵੀ ਕਰਵਾ ਚੁੱਕਾ ਹੈ।

    ਇਸ ਸਬੰਧੀ ਥਾਣੇ ਦਲਜੀਤ ਸਿੰਘ ਨੇ ਮੰਨਿਆ ਕਿ ਦੋਹਾਂ ਦਾ ਪੰਚਾਇਤੀ ਵਿਆਹ ਹੋਇਆ ਸੀ। ਲੜਕੀ ਵਾਲਿਆਂ ਦੀ ਸ਼ਿਕਾਇਤ ‘ਤੇ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ ਪਰੰਤੂ ਮੁੰਡੇ ਵਾਲਿਆਂ ਦੀ ਵਧੀਕੀ ਹੋਣ ਕਾਰਨ ਥਾਣੇ ਬੰਦ ਕਰ ਦਿੱਤਾ ਹੈ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ।