ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਹਰ ਰੋਜ਼ ਕੀਮਤੀ ਜਾਨਾ ਜਾ ਰਹੀਆਂ ਹਨ। ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਤਾਂ ਬੁੱਝ ਰਿਹਾ ਹੈ ਅਤੇ ਪਿੱਛੇ ਪਰਿਵਾਰ ਨੂੰ ਵੀ ਰੋਲਣ ਲਈ ਮਜਬੂਰ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਹੀ ਘਟਨਾ ਵਾਪਰੀ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਕੌਲ ਦੇ ਨਜ਼ਦੀਕ ਜਿੱਥੇ ਕਿਸਾਨ ਲੱਖਾ ਸਿੰਘ ਆਪਣੇ ਪਿੰਡ ਕਮੇਲੀ ਤੋਂ ਮਹਿਜ ਡੇਢ ਕਿਲੋਮੀਟਰ ਦੀ ਦੂਰੀ ਤੇ ਐਕਟਵਾ ਸਕੂਟਰੀ ‘ਤੇ ਜਾ ਰਿਹਾ ਸੀ ਤਾਂ ਅਣਪਛਾਤੇ ਟਰੈਕਟਰ ਟਰਾਲੀ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੋ ਟਰੈਕਟਰਾ ਦੇ ਉੱਪਰ ਵੱਡੇ-ਵੱਡੇ ਸਪੀਕਰ ਚਲਦੇ ਹਨ ਸਰਕਾਰ ਉਸ ਤੇ ਨੱਥ ਪਾਵੇ ਤਾਂ ਜੋ ਸੜਕ ਹਾਦਸਿਆਂ ਵਿੱਚ ਗਿਰਾਵਟ ਆ ਸਕੇ।

    ਨਾਭਾ ਬਲਾਕ ਦੇ ਪਿੰਡ ਕਮੇਲੀ ਦੇ ਰਹਿਣ ਵਾਲੇ ਕਿਸਾਨ ਲੱਖਾ ਸਿੰਘ ਉਮਰ 48 ਸਾਲਾ ਦੀ ਪਿੰਡ ਪਹੁੰਚਣ ਤੋਂ ਮਹਿਜ ਡੇਢ ਕਿਲੋਮੀਟਰ ਦੀ ਦੂਰੀ ‘ਤੇ ਹੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨਾਭਾ ਸ਼ਹਿਰ ਤੋਂ ਦੇਰ ਰਾਤ ਐਕਟਵਾ ਸਕੂਟਰੀ ਤੇ ਸਵਾਰ ਹੋ ਕੇ ਅਪਣੇ ਘਰ ਪਿੰਡ ਕਮੇਲੀ ਜਾ ਰਿਹਾ ਸੀ ਤਾਂ ਅਣਪਛਾਤੇ ਟਰੈਕਟਰ ਟਰਾਲੀ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਲੱਖਾ ਸਿੰਘ ਬਹੁਤ ਹੀ ਮਿਲਣ ਸਾਰ ਵਿਅਕਤੀ ਸੀ ਅਤੇ ਖੇਤੀ ਕਰਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਦੀ ਲੜਕੀ ਕੈਨੇਡਾ ਗਈ ਹੋਈ ਹੈ ਅਤੇ ਮ੍ਰਿਤਕ ਦਾ ਲੜਕਾ ਆਪਣੇ ਪਿਤਾ ਨਾਲ ਖੇਤਾਂ ਵਿੱਚ ਹੱਥ ਵਟਾਉਂਦਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

    ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਲੱਖਾ ਸਿੰਘ ਦਾ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਸਾਡੇ ਪਿੰਡ ਵਿੱਚ ਸੱਥਰ ਵਿਛ ਕਿਉਂਕਿ ਲੱਖਾ ਸਿੰਘ ਬਹੁਤ ਹੀ ਮਿਹਨਤੀ ਕਿਸਾਨ ਸੀ ਜਿਸ ਨੇ ਆਪਣੇ ਬਲਬੂਤੇ ‘ਤੇ ਹੀ ਲੜਕੀ ਨੂੰ ਕੈਨੇਡਾ ਭੇਜਿਆ ਅਤੇ ਉਥੇ ਸੈੱਟ ਕੀਤਾ, ਉਸ ਦਾ ਲੜਕਾ, ਅਤੇ ਉਸ ਦੀ ਪਤਨੀ ਇਹ ਪਿੱਛੇ ਰਹਿ ਗਏ ਹਨ ਕਿਉਂਕਿ ਲੱਖਾ ਸਿੰਘ ਨੇ ਆਪਣੇ ਬੇਟੇ ਅਤੇ ਬੇਟੀ ਦਾ ਵਿਆਹ ਵੀ ਨਹੀਂ ਕੀਤਾ ਉਹ ਦੋਵੇ ਕੁਆਰੇ ਹਨ। ਇਹ ਸੜਕ ਹਾਦਸਾ ਪਿੰਡ ਕਮੇਲੀ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਵਾਪਰਿਆ ਹੈ, ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਟਰੈਕਟਰ ਟਰਾਲੀਆਂ ਦੇ ਉੱਪਰ ਵੱਡੇ ਵੱਡੇ ਸਪੀਕਰ ਲਗਾ ਕੇ ਟਰੈਕਟਰ ਟਰਾਲੀਆਂ ਚਲਾਉਂਦੇ ਹਨ ਅਤੇ ਉਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਸ ਤੇ ਨੱਥ ਪਾਈ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਤਬਾਹ ਨਾ ਹੋਵੇ।