
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਜਲੰਧਰ ਦੇ ਗ੍ਰੈਂਡ ਮਾਲ ਵਿੱਚ ਸਥਿਤ ਕਥਿਤ ਟਰੈਵਲ ਏਜੰਟ ਈਸ਼ਵ ਭਾਰਦਵਾਜ ਦੀ ਕੰਪਨੀ ਵਿਦੇਸ਼ ਯਾਤਰਾ ਕਨਸਲਟੈਂਟਸ ਦੇ ਦਫ਼ਤਰ ਬਾਹਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਪੀੜਤਾਂ ਨੇ ਦੋਸ਼ ਲਗਾਇਆ ਕਿ ਲੱਖਾਂ ਰੁਪਏ ਲੈਣ ਤੋਂ ਬਾਅਦ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਪੁਲਿਸ ਮੌਕੇ ‘ਤੇ ਤਾਂ ਪਹੁੰਚੀ, ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।
ਪੀੜਤਾਂ ਮੁਤਾਬਕ, ਪਹਿਲਾਂ ਕੰਪਨੀ ਦਾ ਦਫ਼ਤਰ ਗ੍ਰੈਂਡ ਮਾਲ ਦੀ ਪੰਜਵੀਂ ਮੰਜ਼ਿਲ ‘ਤੇ ਸੀ, ਪਰ ਸ਼ਿਕਾਇਤਾਂ ਵਧਣ ਤੋਂ ਬਾਅਦ ਦਫ਼ਤਰ ਬੰਦ ਕਰਕੇ ਸਮਾਨ ਚੌਥੀ ਮੰਜ਼ਿਲ ‘ਤੇ ਸ਼ਿਫਟ ਕਰ ਦਿੱਤਾ ਗਿਆ। ਉੱਥੇ ਮੌਜੂਦ ਮੈਨੇਜਰ ਪੰਕਜ ਨੇ ਸ਼ਿਕਾਇਤਕਰਤਾਵਾਂ ਨਾਲ ਗੱਲਬਾਤ ਕੀਤੀ, ਪਰ ਉਨ੍ਹਾਂ ਨੂੰ ਹੀ ਥਾਣੇ ਵਿੱਚ ਵੇਖ ਲੈਣ ਦੀ ਧਮਕੀ ਦੇ ਕੇ ਪੁਲਿਸ ਦੇ ਆਉਣ ਤੋਂ ਪਹਿਲਾਂ ਫਰਾਰ ਹੋ ਗਿਆ।
ਹੋਸ਼ਿਆਰਪੁਰ ਦੀ ਰਹਿਣ ਵਾਲੀ ਰੀਨਾ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ਰਾਹੀਂ ਕੰਪਨੀ ਨਾਲ ਸੰਪਰਕ ਕੀਤਾ ਸੀ। ਉਸ ਨੂੰ ਮਲੇਸ਼ੀਆ ਭੇਜਣ ਦਾ ਭਰੋਸਾ ਦੇ ਕੇ ਪਹਿਲਾਂ ਇੱਕ ਲੱਖ ਰੁਪਏ ਜਮ੍ਹਾਂ ਕਰਵਾਏ ਗਏ ਅਤੇ ਕਿਹਾ ਗਿਆ ਕਿ ਵੀਜ਼ਾ ਆਉਣ ਤੋਂ ਬਾਅਦ ਬਾਕੀ ਰਕਮ ਲਈ ਜਾਵੇਗੀ। 18 ਮਈ ਨੂੰ ਉਸ ਨੇ ਗ੍ਰੈਂਡ ਮਾਲ ਸਥਿਤ ਦਫ਼ਤਰ ਵਿੱਚ ਇੱਕ ਲੱਖ ਰੁਪਏ ਦਿੱਤੇ ਅਤੇ 14 ਜੂਨ ਤੱਕ ਵੀਜ਼ਾ ਮਿਲਣ ਦਾ ਵਾਅਦਾ ਕੀਤਾ ਗਿਆ।
ਰੀਨਾ ਨੇ ਦੱਸਿਆ ਕਿ 13 ਜੂਨ ਤੋਂ ਬਾਅਦ ਨਾ ਤਾਂ ਸਟਾਫ਼ ਨੇ ਫ਼ੋਨ ਚੁੱਕਿਆ ਅਤੇ ਨਾ ਹੀ ਕੰਪਨੀ ਦੇ ਮਾਲਕ ਦਾ ਨੰਬਰ ਦਿੱਤਾ ਗਿਆ। ਜਦੋਂ ਉਹ ਦਫ਼ਤਰ ਪਹੁੰਚੀ ਤਾਂ ਉੱਥੇ ਤਾਲਾ ਲੱਗਾ ਮਿਲਿਆ। ਬਾਅਦ ਵਿੱਚ ਪਤਾ ਲੱਗਾ ਕਿ ਦਫ਼ਤਰ ਚੌਥੀ ਮੰਜ਼ਿਲ ‘ਤੇ ਸ਼ਿਫਟ ਹੋ ਗਿਆ ਹੈ ਅਤੇ ਤੀਜੀ ਮੰਜ਼ਿਲ ‘ਤੇ ਵੀ ਇੱਕ ਹੋਰ ਦਫ਼ਤਰ ਚਲਾਇਆ ਜਾ ਰਿਹਾ ਹੈ।
ਪੀੜਤਾ ਦਾ ਦਾਅਵਾ ਹੈ ਕਿ ਉਸ ਸਮੇਤ ਛੇ ਲੋਕਾਂ ਨੇ ਮਲੇਸ਼ੀਆ ਜਾਣ ਲਈ ਇੱਕ-ਇੱਕ ਲੱਖ ਰੁਪਏ ਜਮ੍ਹਾਂ ਕਰਵਾਏ ਹਨ, ਪਰ ਕਿਸੇ ਨੂੰ ਵੀ ਵੀਜ਼ਾ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਦੌਰਾਨ ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਪਰ ਪੀੜਤਾਂ ਦਾ ਦੋਸ਼ ਹੈ ਕਿ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ।

Related