ਨਵੀਂ ਦਿੱਲੀ- ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਇੱਕ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਇਸ ਸੜਕ ਹਾਦਸੇ ਦੌਰਾਨ ਸੱਤ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ, ਜਦਕਿ 13 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਭਿੰਡ ਦੇ ਗੋਹਾੜ ਚੌਕ ‘ਤੇ ਵਾਪਰਿਆ।

     ਹਾਦਸੇ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਕੁਝ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ।

    ਪੁਲਿਸ ਵੱਲੋਂ ਸਾਰੇ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ਵਿੱਚ ਸਵਾਰ 7 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਮ੍ਰਿਤਕਾਂ ਵਿੱਚ 5 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

    ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਗੋਹਾੜ ਚੌਰਾਹਾ ਥਾਣਾ ਖੇਤਰ ਦੇ ਡਾਂਗ ਵਿਰਖੜੀ ਪਿੰਡ ਦੇ ਸਾਹਮਣੇ ਐਨਐਚ 92 ਉੱਤੇ ਵਾਪਰਿਆ। ਡੰਪਰ ਭਿੰਡ ਤੋਂ ਆ ਰਿਹਾ ਸੀ, ਇੱਥੇ ਇੱਕ ਬੱਸ ਗਵਾਲੀਅਰ ਵਾਲੇ ਪਾਸੇ ਤੋਂ ਆ ਰਹੀ ਸੀ। ਹਾਦਸਾਗ੍ਰਸਤ ਬੱਸ ਗਵਾਲੀਅਰ ਤੋਂ ਬਰੇਲੀ ਜਾ ਰਹੀ ਸੀ।