ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਡਾ ਐਲਾਨ ਕੀਤਾ ਹੈ। ਤਾਜ਼ਾ ਐਲਾਨ ਵਿਚ ਟਰੂਡੋ ਨੇ ਕਿਹਾ ਹੈ ਕਿ ਉਹ ਅਗਲੀਆਂ ਆਮ ਚੋਣਾਂ ਵਿਚ ਹਿੱਸਾ ਨਹੀਂ ਲਵੇਗਾ। ਕੈਨੇਡਾ ਵਿਚ ਆਮ ਚੋਣਾਂ ਇਸ ਸਾਲ ਅਕਤੂਬਰ ਵਿਚ ਹੋਣੀਆਂ ਹਨ ਪਰ ਇਹ ਤੈਅ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਟਰੂਡੋ ਨੇ ਬੁੱਧਵਾਰ ਨੂੰ ਓਟਾਵਾ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ‘ਮੈਂ ਆਉਣ ਵਾਲੀਆਂ ਚੋਣਾਂ ਵਿਚ ਨਹੀਂ ਲੜਾਂਗਾ। ਇਹ ਮੇਰਾ ਅਪਣਾ ਫ਼ੈਸਲਾ ਹੈ।’
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਟਰੂਡੋ ਕੈਨੇਡੀਅਨ ਸੂਬਿਆਂ ਦੇ ਮੁਖੀਆਂ ਨਾਲ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੁਲ੍ਹਾ ਕਰਨ ਦੀ ਰਣਨੀਤੀ ’ਤੇ ਚਰਚਾ ਕਰ ਰਹੇ ਹਨ। ਟਰੂਡੋ (53) ਨੇ ਅਪਣੇ ਸਿਆਸੀ ਭਵਿੱਖ ਬਾਰੇ ਅਨਿਸ਼ਚਿਤਤਾ ਜ਼ਾਹਰ ਕਰਦਿਆਂ ਕਿਹਾ, ‘ਮੈਂ ਭਵਿੱਖ ਵਿਚ ਕੀ ਕਰਾਂਗਾ ਇਸ ਬਾਰੇ ਬਹੁਤਾ ਨਹੀਂ ਸੋਚਿਆ ਹੈ। ਫ਼ਿਲਹਾਲ, ਮੈਂ ਉਸ ਕੰਮ ’ਤੇ ਧਿਆਨ ਦੇ ਰਿਹਾ ਹਾਂ ਜੋ ਕੈਨੇਡੀਅਨਾਂ ਨੇ ਮੇਰੇ ਲਈ ਚੁਣਿਆ ਹੈ।’
ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਪਹਿਲੀ ਵਾਰ 2008 ਵਿਚ ਕਿਊਬਿਕ ਦੇ ਪੈਪੀਨਿਊ ਹਲਕੇ ਤੋਂ ਚੁਣੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਸ਼ਾਨਦਾਰ ਜਿੱਤ ਨਾਲ 2015 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ, ਜਿਸ ਵਿਚ ਉਨ੍ਹਾਂ ਦੀ ਲਿਬਰਲ ਪਾਰਟੀ ਨੇ 338 ਵਿਚੋਂ 184 ਸੀਟਾਂ ਜਿੱਤੀਆਂ। ਹਾਲਾਂਕਿ 2019 ਅਤੇ 2021 ਦੀਆਂ ਚੋਣਾਂ ’ਚ ਉਹ ਬਹੁਮਤ ਹਾਸਲ ਨਹੀਂ ਕਰ ਸਕੇ।