ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ’ਤੇ ਇਕ ਗੁੱਸੇ ਭਰੀ ਪੋਸਟ ’ਚ ਚੀਨ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ ਚੀਨ ਨੇ 8 ਅਪ੍ਰੈਲ, 2025 ਤਕ ਅਮਰੀਕੀ ਟੈਰਿਫ ਦੇ ਜਵਾਬ ’ਚ ਅਮਰੀਕੀ ਆਯਾਤ ’ਤੇ 34 ਫੀ ਸਦੀ ਟੈਰਿਫ਼ ਵਾਧੇ ਨੂੰ ਵਾਪਸ ਨਹੀਂ ਲਿਆ ਤਾਂ ਚੀਨ ਵਲੋਂ ਅਮਰੀਕੀ ਨੂੰ ਨਿਰਯਾਤ ’ਤੇ 50 ਫੀ ਸਦੀ ਵਾਧੂ ਟੈਰਿਫ ਲਗਾਇਆ ਜਾਵੇਗਾ।

ਟਰੰਪ ਨੇ ਚੀਨ ’ਤੇ ਰੀਕਾਰਡ ਤੋੜ ਟੈਰਿਫ, ਗੈਰ-ਕਾਨੂੰਨੀ ਸਬਸਿਡੀ ਅਤੇ ਲੰਮੇ ਸਮੇਂ ਲਈ ਮੁਦਰਾ ’ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਪਹਿਲਾਂ ਦੀ ਚੇਤਾਵਨੀ ਦੀ ਉਲੰਘਣਾ ਕਰਾਰ ਦਿਤਾ। ਉਨ੍ਹਾਂ ਕਿਹਾ, ‘‘ਜੋ ਵੀ ਦੇਸ਼ ਅਮਰੀਕਾ ਵਿਰੁਧ ਜਵਾਬੀ ਕਾਰਵਾਈ ਕਰੇਗਾ, ਉਸ ਨੂੰ ਤੁਰਤ ਨਵੇਂ ਅਤੇ ਕਾਫ਼ੀ ਜ਼ਿਆਦਾ ਟੈਰਿਫ ਨਾਲ ਨਜਿੱਠਿਆ ਜਾਵੇਗਾ।’’
9 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਟੈਰਿਫ ਨਾਲ ਚੱਲ ਰਹੇ ਵਪਾਰ ਵਿਵਾਦ ’ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਟਰੰਪ ਨੇ ਚੀਨ ਨਾਲ ਗੱਲਬਾਤ ਖਤਮ ਕਰਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਵਲ ਧਿਆਨ ਕੇਂਦਰਿਤ ਕਰਨ ਦਾ ਵੀ ਐਲਾਨ ਕੀਤਾ।
ਇਹ ਅਲਟੀਮੇਟਮ ਅਜਿਹੇ ਸਮੇਂ ਆਇਆ ਹੈ ਜਦੋਂ ਆਲਮੀ ਬਾਜ਼ਾਰ ਵਧਦੇ ਵਪਾਰਕ ਤਣਾਅ ਨਾਲ ਜੂਝ ਰਹੇ ਹਨ ਅਤੇ ਆਰਥਕ ਗਿਰਾਵਟ ਦਾ ਡਰ ਵਧ ਰਿਹਾ ਹੈ। ਬੀਜਿੰਗ ਨੇ ਅਜੇ ਤਕ ਅਧਿਕਾਰਤ ਤੌਰ ’ਤੇ ਟਰੰਪ ਦੀ ਤਾਜ਼ਾ ਧਮਕੀ ਦਾ ਜਵਾਬ ਨਹੀਂ ਦਿਤਾ ਹੈ।