ਅੰਮ੍ਰਿਤਸਰ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੋਂ ਉਹ ਹੁਣ ਕਟੜਾ-ਨਵੀਂ ਦਿੱਲੀ ਐਕਸਪ੍ਰੈਸ ਹਾਈਵੇਅ ਦਾ ਮੁਆਇਨਾ ਕਰਨ ਪਹੁੰਚ ਗਏ ਹਨ। ਉਨ੍ਹਾਂ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਹਨ।
ਨਿਤਿਨ ਗਡਕਰੀ ਨੇ ਕਿਹਾ ਕਿ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦੀ ਮੇਰੀ ਤਾਂ ਪਹਿਲਾਂ ਹੀ ਇੱਛਾ ਸੀ। ਅੱਜ ਮੈਨੂੰ ਇੱਥੇ ਸਿਰ ਝੁਕਾਉਣ ਦਾ ਸੁਭਾਗ ਮਿਲਿਆ। ਮੈਂ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕੀਤੀ ਕਿ ਸਾਡੇ ਭਾਰਤੀਆਂ ਦਾ ਆਉਣ ਵਾਲੇ ਸਮੇਂ ਵਿੱਚ ਚੰਗਾ ਅਤੇ ਖੁਸ਼ਹਾਲ ਜੀਵਨ ਹੋਵੇ ਅਤੇ ਸਭ ਦਾ ਭਲਾ ਹੋਵੇ। ਦੇਸ਼ ਹੋਰ ਤਰੱਕੀ ਕਰੇ।
ਦੱਸ ਦੇਈਏ ਕਿ ਨਿਤਿਨ ਗਡਕਰੀ ਅੱਜ ਦਿੱਲੀ-ਕਟੜਾ ਹਾਈਵੇਅ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਹਨ। ਇਸ ਤੋਂ ਇਲਾਵਾ ਉਹ ਅਟਾਰੀ ਸਰਹੱਦ ‘ਤੇ ਰਿਟਰੀਟ ਸੈਰੇਮਨੀ ਨੂੰ ਵੀ ਵੇਖਣਗੇ ਅਤੇ 418 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਉਣਗੇ। ਇਸ ਤਿਰੰਗੇ ਦੇ ਲਹਿਰਾਉਣ ਨਾਲ ਹਰ ਭਾਰਤੀ ਮਾਣ ਨਾਲ ‘ਝੰਡਾ ਉਂਚਾ ਰਹੇ ਹਮਾਰਾ’ ਗਾ ਸਕੇਗਾ।
ਅਟਾਰੀ ਸਰਹੱਦ ‘ਤੇ ਅੱਜ ਲਹਿਰਾਇਆ ਜਾਣ ਵਾਲਾ ਤਿਰੰਗਾ ਦੇਸ਼ ਦਾ ਸਭ ਤੋਂ ਉੱਚਾ ਹੋਵੇਗਾ। ਇੰਨਾ ਹੀ ਨਹੀਂ ਭਾਰਤ ਨੇ ਅਟਾਰੀ ਸਰਹੱਦ ‘ਤੇ ਲਗਾਏ ਗਏ ਤਿਰੰਗੇ ਦੇ ਖੰਭੇ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧਾ ਦਿਤੀ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਹੁਣ ਗੋਲਡਨ ਗੇਟ ਦੇ ਸਾਹਮਣੇ ਤਿਆਰ ਭਾਰਤ ਦਾ 418 ਫੁੱਟ ਉੱਚਾ ਝੰਡਾ ਖੰਭਾ ਉਦਘਾਟਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਉਡੀਕ ਕਰ ਰਿਹਾ ਹੈ।