ਜਲੰਧਰ—ਸ਼ਹਿਰ ਵਿੱਚ ਵਿਗਿਆਪਨ ਆਮਦਨ ਨਾਲ ਜੁੜੀ ਕਈ ਸਾਲਾਂ ਦੀ ਗੜਬੜ ਅਤੇ ਇੱਕ ਹੀ ਕੰਪਨੀ ਦੇ ਬੇਜਾ ਦਬਦਬੇ ਨੂੰ ਖਤਮ ਕਰਦਿਆਂ ਨਗਰ ਨਿਗਮ ਜਲੰਧਰ ਨੇ ਆਖ਼ਿਰਕਾਰ ਆਉਟਡੋਰ ਮੀਡੀਆ ਏਜੰਸੀ ਲਈ ਨਵਾਂ ਟੈਂਡਰ ਜਾਰੀ ਕਰ ਦਿੱਤਾ ਹੈ। ਇਹ ਮਹੱਤਵਪੂਰਨ ਟੈਂਡਰ B.O.T. (Build–Operate–Transfer) ਮਾਡਲ ’ਤੇ ਅਗਲੇ 7 ਸਾਲਾਂ ਲਈ ਹੋਵੇਗਾ।

ਮੇਅਰ ਵਨੀਤ ਧੀਰ ਮੁਤਾਬਕ, ਨਵੇਂ ਫੈਸਲੇ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਵਿਗਿਆਪਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਯਮਿਤ ਕਰਨਾ ਹੈ। ਨਿਗਮ ਵੱਲੋਂ ਟੈਕਨਿਕਲ ਅਤੇ ਫਾਇਨੈਂਸ਼ਲ ਬਿਡਾਂ ਲਈ ਈ-ਆਕਸ਼ਨ ਪਲੇਟਫਾਰਮ ਅਪਣਾਇਆ ਗਿਆ ਹੈ, ਜਿਸ ਨਾਲ ਬੋਲੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ੁੱਧ ਅਤੇ ਖੁੱਲ੍ਹੀ ਰਹੇਗੀ।

ਬੇਤਰਤੀਬੀ ਦਾ ਅੰਤ — ਕਰੋੜਾਂ ਦੇ ਨੁਕਸਾਨ ਤੋਂ ਮੁੜ ਆਮਦਨ ਵੱਲ ਵਾਪਸੀ

ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਸ਼ਹਿਰ ਦੇ ਯੂਨੀਪੋਲਾਂ ’ਤੇ ਇੱਕ ਹੀ ਕੰਪਨੀ ਦਾ ਰਾਜ ਚੱਲ ਰਿਹਾ ਸੀ। ਨਵੇਂ ਟੈਂਡਰ ਨਾ ਨਿਕਲਣ ਕਰਕੇ ਨਗਰ ਨਿਗਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਹੁਣ ਨਵੇਂ ਟੈਂਡਰ ਨੇ ਉਸ ਮੋਨੋਪਲੀ ਨੂੰ ਤੋੜਨ ਦਾ ਰਾਹ ਖੋਲ੍ਹ ਦਿੱਤਾ ਹੈ।

ਨਵੇਂ ਟੈਂਡਰ ਨਾਲ ਹੋਣ ਵਾਲੇ ਲਾਭ:

•ਯੂਨੀਪੋਲਾਂ ’ਤੇ ਪੁਰਾਣੀ ਮੋਨੋਪਲੀ ਖ਼ਤਮ

•ਨਗਰ ਨਿਗਮ ਨੂੰ ਵੱਡੀ ਰੇਵਨਿਊ ਜਨਰੇਸ਼ਨ ਦੀ ਸੰਭਾਵਨਾ

•ਸ਼ਹਿਰ ਦੀ ਵਿਗਿਆਪਨ ਨੀਤੀ ਵਿੱਚ ਸੁਧਾਰ

•ਪਾਰਦਰਸ਼ੀ ਪ੍ਰਕਿਰਿਆ ਨਾਲ ਗ਼ੈਰਕਾਨੂੰਨੀ ਕਬਜ਼ਿਆਂ ’ਤੇ ਰੋਕ

ਨਗਰ ਨਿਗਮ ਦੀ ਟਿੱਪਣੀ — “ਹੁਣ ਸ਼ੁਰੂ ਹੋਵੇਗੀ ਮੁਨਾਫ਼ੇ ਦੀ ਨਵੀਂ ਕਹਾਣੀ”

LA & UD ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਨਵਾਂ ਯੂਨੀਪੋਲ ਟੈਂਡਰ ਜਾਲੰਧਰ ਨਗਰ ਨਿਗਮ ਲਈ ਇੱਕ ਰੇਵਨਿਊ ਬੂਸਟਰ ਸਾਬਤ ਹੋਵੇਗਾ। ਜਿੱਥੇ ਪਹਿਲਾਂ ਘਾਟੇ ਦੀ ਸਥਿਤੀ ਸੀ, ਹੁਣ ਨਗਰ ਨਿਗਮ ਦੇ ਖਾਤੇ ਵਿੱਚ ਕਰੋੜਾਂ ਦੀ ਆਮਦਨ ਮੁੜ ਸ਼ੁਰੂ ਹੋਣ ਦੀ ਉਮੀਦ ਹੈ।