
Skip to content

ਪੰਜਾਬ ਨੂੰ ਜਲਦ ਮਿਲੇਗਾ ਰੈਗੂਲਰ DGP, 30 ਜੂਨ ਨੂੰ UPSC ਤਿਆਰ ਕਰੇਗਾ ਤਿੰਨ ਅਧਿਕਾਰੀਆਂ ਦਾ ਪੈਨਲ
ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਕਰੀਬ ਚਾਰ ਸਾਲਾਂ ਬਾਅਦ ਸਥਾਈ ਮੁਖੀ ਮਿਲਣ ਦੀ ਸੰਭਾਵਨਾ ਬਣ ਗਈ ਹੈ। ਰੈਗੂਲਰ ਡੀਜੀਪੀ ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਆਯੋਗ (UPSC) ਨੇ 30 ਜੂਨ ਨੂੰ ਐਮਪੈਨਲਮੈਂਟ ਕਮੇਟੀ ਦੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਪੰਜਾਬ ਕੇਡਰ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਵਿੱਚੋਂ ਤਿੰਨ ਨਾਵਾਂ ਦਾ ਪੈਨਲ ਤਿਆਰ ਕੀਤਾ ਜਾਵੇਗਾ। ਇਸ ਪੈਨਲ ਵਿੱਚੋਂ ਪੰਜਾਬ ਸਰਕਾਰ ਇੱਕ ਅਧਿਕਾਰੀ ਨੂੰ ਸੂਬੇ ਦਾ ਨਵਾਂ ਰੈਗੂਲਰ ਡੀਜੀਪੀ ਨਿਯੁਕਤ ਕਰੇਗੀ।
ਮੌਜੂਦਾ ਸਮੇਂ ਗੌਰਵ ਯਾਦਵ ਜੁਲਾਈ 2022 ਤੋਂ ਕਾਰਜਕਾਰੀ ਡੀਜੀਪੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸੁਪਰੀਮ ਕੋਰਟ ਵੱਲੋਂ ਡੀਜੀਪੀ ਨਿਯੁਕਤੀਆਂ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਇਹ ਪ੍ਰਕਿਰਿਆ ਤੇਜ਼ ਹੋਈ ਹੈ। ਪੰਜਾਬ ਸਰਕਾਰ ਵੱਲੋਂ ਭੇਜੇ ਗਏ 14 ਯੋਗ ਆਈਪੀਐਸ ਅਧਿਕਾਰੀਆਂ ਵਿੱਚੋਂ 1992 ਬੈਚ ਦੇ ਸ਼ਰਦ ਸੱਤਿਆ ਚੌਹਾਨ, ਹਰਪ੍ਰੀਤ ਸਿੰਘ ਸਿੱਧੂ, ਗੌਰਵ ਯਾਦਵ ਅਤੇ ਕੁਲਦੀਪ ਸਿੰਘ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ।
UPSC ਦੀ ਕਮੇਟੀ ਅਧਿਕਾਰੀਆਂ ਦੀ ਸੀਨੀਅਰਤਾ, ਸੇਵਾ ਰਿਕਾਰਡ, ਲੀਡਰਸ਼ਿਪ ਸਮਰੱਥਾ ਅਤੇ ਵਿਜੀਲੈਂਸ ਸਥਿਤੀ ਦੇ ਆਧਾਰ ’ਤੇ ਤਿੰਨ ਨਾਵਾਂ ਦੀ ਚੋਣ ਕਰੇਗੀ। ਪੈਨਲ ਤਿਆਰ ਹੋਣ ਤੋਂ ਬਾਅਦ ਅੰਤਿਮ ਫੈਸਲਾ ਪੰਜਾਬ ਸਰਕਾਰ ਦੇ ਹੱਥ ਵਿੱਚ ਹੋਵੇਗਾ। ਨਵੇਂ ਰੈਗੂਲਰ ਡੀਜੀਪੀ ਨੂੰ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ ਘੱਟੋ-ਘੱਟ ਦੋ ਸਾਲ ਦਾ ਕਾਰਜਕਾਲ ਮਿਲੇਗਾ। ਹੁਣ ਪੁਲਿਸ ਮਹਿਕਮੇ ਅਤੇ ਸਿਆਸੀ ਗਲਿਆਰਿਆਂ ਦੀ ਨਜ਼ਰ 30 ਜੂਨ ਦੀ ਅਹਿਮ ਮੀਟਿੰਗ ’ਤੇ ਟਿਕੀ ਹੋਈ ਹੈ।
Related